ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਬ੍ਰਿਸਬੇਨ ਦਫ਼ਤਰ ਸੁਰੱਖਿਆ ਕਾਰਨਾਂ ਕਰ ਕੇ ਬੰਦ

Saturday, Oct 24, 2026 - 03:17 PM (IST)

ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਬ੍ਰਿਸਬੇਨ ਦਫ਼ਤਰ ਸੁਰੱਖਿਆ ਕਾਰਨਾਂ ਕਰ ਕੇ ਬੰਦ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਆਪਣੇ ਚੋਣ ਹਲਕੇ ਨੰਦਾਂ ਸਥਿਤ ਦਫ਼ਤਰ ਨੂੰ ਸੁਰੱਖਿਆ ਘਟਨਾ ਤੋਂ ਬਾਅਦ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ। ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹੋਏ ਹਮਲੇ ਦੇ ਕੁਝ ਦਿਨਾਂ ਬਾਅਦ ਹੀ, ਇੱਕ ਔਰਤ 'ਤੇ ਫੈਡਰਲ ਮੰਤਰੀ ਦੇ ਦਫ਼ਤਰ ਵਿੱਚ ਕਥਿਤ ਤੌਰ 'ਤੇ ਧਮਕੀ ਭਰੇ ਢੰਗ ਨਾਲ ਪੇਸ਼ ਆਉਣ ਦੇ ਦੋਸ਼ ਲਗਾਏ ਗਏ ਹਨ। 

ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਔਰਤ ਖ਼ਿਲਾਫ਼ ਅਮਨ-ਸ਼ਾਂਤੀ ਭੰਗ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਅਤੇ ਇਹ ਔਰਤ 26 ਨਵੰਬਰ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਵੇਗੀ। ਮੰਤਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਕੀਤੇ ਜਾਣ ਤੱਕ ਦਫ਼ਤਰ ਬੰਦ ਰਹੇਗਾ। 

ਉਨ੍ਹਾਂ ਨੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਧਮਕੀ ਭਰੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਦਫ਼ਤਰ ਬੰਦ ਹੋਣ ਦੇ ਬਾਵਜੂਦ ਲੋਕਾਂ ਨਾਲ ਸੰਪਰਕ ਜਾਰੀ ਰਹੇਗਾ। ਇਹ ਘਟਨਾ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਦਫ਼ਤਰੀ ਅਮਲੇ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਵਾਪਰੀ ਹੈ। 

ਇਸੇ ਹਫ਼ਤੇ ਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ’ਤੇ ਕਥਿਤ ਹਮਲੇ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਵੀ ਇੱਕ ਹੋਰ ਸੰਸਦ ਮੈਂਬਰ ਦੇ ਦਫ਼ਤਰ ਵਿੱਚ ਧਮਕੀ ਦੇਣ ਦੀ ਘਟਨਾ ਸਾਹਮਣੇ ਆਉਣ ਤੋ ਬਾਅਦ ਸਰਕਾਰ ਵੱਲੋ ਸੰਸਦ ਮੈਂਬਰਾਂ ਦੀ ਸੁਰੱਖਿਆ ਨੂੰ ਹੋਰ ਪੁਖਤਾ ਕੀਤਾ ਜਾ ਰਿਹਾ ਹੈ।


author

Harpreet SIngh

Content Editor

Related News