ਬਾਲਾਕੋਟ ਏਅਰ ਸਟ੍ਰਾਈਕ ਤੋਂ 32 ਦਿਨ ਬਾਅਦ ਪੱਤਰਕਾਰਾਂ ਨੂੰ ਮਦਰੱਸਾ ਦਿਖਾਉਣ ਲੈ ਗਈ ਪਾਕਿ ਆਰਮੀ

03/29/2019 9:03:53 PM

ਇਸਲਾਮਾਬਾਦ— ਬਾਲਾਕੋਟ ਏਅਰਸਟ੍ਰਾਈਕ ਤੋਂ 32 ਦਿਨ ਬਾਅਦ ਪਾਕਿਸਤਾਨੀ ਫੌਜ ਪੱਤਰਕਾਰਾਂ ਦੇ ਇਕ ਗਰੁੱਪ ਨੂੰ ਘਟਨਾ ਵਾਲੀ ਥਾਂ 'ਤੇ ਲੈ ਕੇ ਆਈ। ਹਾਲਾਂਕਿ ਸੱਚ ਜਾਨਣ ਗਏ ਪੱਤਰਕਾਰਾਂ ਨੂੰ ਇਥੇ ਵੀ ਨਿਰਾਸ਼ਾ ਹੀ ਹੱਥ ਲੱਗੀ। ਬਾਲਾਕੋਟ ਦੇ ਕੁਝ ਇਲਾਕੇ ਅਜੇ ਵੀ ਪਾਕਿਸਤਾਨੀ ਅਰਧ-ਸੈਨਿਕ ਬਲਾਂ ਨੇ ਘੇਰ ਰੱਖਿਆ ਹੈ ਤੇ ਇਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਹੈ। ਰਿਪੋਰਟ ਮੁਤਾਬਕ ਬਾਲਾਕੋਟ ਸਥਿਤ ਮਦਰੱਸੇ 'ਚ ਅਜੇ ਵੀ 300 ਬੱਚੇ ਮੌਜੂਦ ਹਨ। ਇਹ ਜਾਣਕਾਰੀ ਖੂਫੀਆ ਸੂਤਰਾਂ ਤੋਂ ਹਾਸਲ ਹੋਈ ਹੈ।

ਸੂਤਰਾਂ ਨੇ ਦੱਸਿਆ ਕਿ 28 ਮਾਰਚ ਨੂੰ ਪਾਕਿਸਤਾਨੀ ਫੌਜ ਪੱਤਰਕਾਰਾਂ ਦੇ ਇਕ ਸਮੂਹ ਨੂੰ ਹੈਲੀਕਾਪਟਰ ਰਾਹੀਂ ਬਾਲਾਕੋਟ ਲੈ ਕੇ ਗਈ। ਸੂਤਰ ਨੇ ਕਿਹਾ ਕਿ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਲੋਕੇਸ਼ਨ 'ਤੇ ਲਿਜਾਇਆ ਗਿਆ, ਉਨ੍ਹਾਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਆਗਿਆ ਸੀ, ਉਨ੍ਹਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਗਿਆ। ਖੂਫੀਆ ਸੂਤਰਾਂ ਨੇ ਕਿਹਾ ਕਿ ਘਟਨਾ ਵਾਲੀ ਥਾਂ ਦਾ ਕੁਝ ਹਿੱਸਾ ਅਜੇ ਵੀ ਕਵਰ ਰੱਖਿਆ ਗਿਆ ਹੈ ਤੇ ਉਥੇ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਉਸ ਥਾਂ ਦੀ ਹਿਫਾਜ਼ਤ ਫ੍ਰੰਟੀਅਰ ਕਾਪਸ ਦੇ ਜਵਾਨ ਕਰ ਰਹੇ ਹਨ। ਫ੍ਰੰਟੀਅਰ ਕਾਪਸ ਪਾਕਿਸਤਾਨ ਦੀ ਅਰਧ-ਸੈਨਿਕ ਬਲਾਂ ਦੀ ਇਕ ਟੁਕੜੀ ਹੈ।

ਰਿਪੋਰਟ ਮੁਤਾਬਕ 28 ਮਾਰਚ ਨੂੰ ਪੱਤਰਕਾਰ 10 ਵਜੇ ਸਵੇਰ ਤੋਂ 3.30 ਵਜੇ ਤੱਕ ਘਟਨਾ ਵਾਲੀ ਥਾਂ 'ਤੇ ਮੌਜੂਦ ਰਹੇ। ਦੱਸ ਦਈਏ ਕਿ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਤੋਂ 12 ਦਿਨ ਬਾਅਦ 26 ਫਰਵਰੀ ਨੂੰ ਰਾਤ 3.30 ਭਾਰਤ ਨੇ ਪਾਕਿਸਤਾਨ ਦੇ ਅੰਦਰ ਬਾਲਾਕੋਟ 'ਚ ਏਰੀਅਲ ਸਟ੍ਰਾਈਕ ਕੀਤੀ ਸੀ। ਹਵਾਈ ਫੌਜ ਦੇ ਲੜਾਕੂ ਜਹਾਜ਼ ਮਿਰਾਜ ਵਲੋਂ ਇਸ ਹਮਲੇ 'ਚ ਕਰੀਬ 1000 ਕਿਲੋ ਬੰਬ ਸੁੱਟੇ ਗਏ ਸਨ। ਭਾਰਤ ਦੀ ਇਸ ਕਾਰਵਾਈ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਟਿਕਾਣਾ ਤਬਾਹ ਹੋ ਗਿਆ ਸੀ।

ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ 27 ਫਰਵਰੀ ਨੂੰ ਕਿਹਾ ਕਿ ਇਸ ਟ੍ਰੇਨਿੰਗ ਕੈਂਪ 'ਚ ਲੁਕੇ ਜੈਸ਼ ਦੇ ਅੱਤਵਾਦੀਆਂ ਦਾ ਭਾਰਤ ਨੇ ਖਾਤਮਾ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਨ੍ਹਾਂ ਦੀ ਗਿਣਤੀ 300 ਤੋਂ ਜ਼ਿਆਦਾ ਸੀ। ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਦੇ ਹਮਲੇ 'ਚ ਕੋਈ ਨੁਕਸਾਨ ਨਹੀਂ ਹੋਇਆ ਸੀ ਪਰ ਪਿਛਲੇ ਇਕ ਮਹੀਨੇ ਤੋਂ ਪਾਕਿਸਤਾਨ ਨੇ ਇਨ੍ਹਾਂ ਥਾਵਾਂ ਨੂੰ ਘੇਰ ਕੇ ਰੱਖਿਆ ਹੈ। ਇਥੇ ਪਾਕਿਸਤਾਨ ਦੇ ਅਰਧ-ਸੈਨਿਕ ਬਲ, ਸਥਾਨਕ ਪੁਲਸ ਤਾਇਨਾਤ ਹੈ। ਇਸ ਥਾਂ ਦੇ ਨੇੜੇ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਮੀਡੀਆ ਏਜੰਸੀ ਰਾਈਟਰਸ ਦੀ ਟੀਮ ਨੇ 28 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਤਿੰਨ ਵਾਰ ਬਾਲਾਕੋਟ ਜਾਣ ਦੀ ਕੋਸ਼ਿਸ਼ ਕੀਤੀ ਪਰ ਤਿੰਨੋ ਵਾਰ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਰੋਕ ਦਿੱਤਾ। ਪਾਕਿਸਤਾਨੀ ਫੌਜ ਨੇ ਕਦੇ ਖਰਾਬ ਮੌਸਮ ਦਾ ਹਵਾਲਾ ਦਿੱਤਾ ਤੇ ਕਦੇ ਸੁਰੱਖਿਆ ਕਾਰਨਾਂ ਦਾ। ਇੰਡੀਆ ਟੁਡੇ ਨੇ ਆਪਣੇ ਸਟਿੰਗ ਆਪ੍ਰੇਸ਼ਨ ਰਾਹੀਂ ਖੁਲਾਸਾ ਕੀਤਾ ਸੀ ਕਿ ਇਸ ਹਮਲੇ 'ਚ ਅੱਤਵਾਦੀਆਂ ਦੇ ਨਾਲ-ਨਾਲ ਪਾਕਿਸਤਾਨੀ ਫੌਜੀ ਵੀ ਮਾਰੇ ਗਏ ਸਨ।


Baljit Singh

Content Editor

Related News