ਬਹਿਰੀਨ ਸਰਕਾਰ ਆਪਣੇ ਨਾਗਰਿਕਾਂ ਨੂੰ ਮੁਫ਼ਤ ਮੁਹੱਈਆ ਕਰਾਵੇਗੀ ਕੋਰੋਨਾ ਵੈਕਸੀਨ
Friday, Dec 11, 2020 - 04:56 PM (IST)
ਦੋਹਾ- ਬਹਿਰੀਨ ਦੇ ਸ਼ਾਸਕ ਹਮਦ ਬਿਨ ਈਸਾ ਖਲੀਫਾ ਨੇ ਸਿਹਤ ਅਧਿਕਾਰੀਆਂ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ਵਿਚ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ ਹੈ। ਇਹ ਜਾਣਕਾਰੀ ਬਹਿਰੀਨ ਦੇ ਸਰਕਾਰੀ ਨਿਊਜ਼ ਚੈਨਲ ਨੇ ਵੀਰਵਾਰ ਨੂੰ ਸਾਂਝੀ ਕੀਤੀ।
ਰਿਪੋਰਟ ਮੁਤਾਬਕ ਹਮਦ ਬਿਨ ਖਲੀਫਾ ਦੀ ਪ੍ਰਧਾਨਗੀ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਲੜਾਈ ਨੂੰ ਲੈ ਕੇ ਹੋਈ ਸਰਕਾਰ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਬਾਅਦ ਇਸ ਹੁਕਮ ਦੀ ਘੋਸ਼ਣਾ ਕੀਤੀ ਗਈ। ਕਮੇਟੀ ਨੇ ਦੇਸ਼ ਭਰ ਦੇ 27 ਮੈਡੀਕਲ ਕੇਂਦਰਾਂ 'ਤੇ ਇਸ ਵੈਕਸੀਨ ਨੂੰ ਮੁਫਤ ਵਿਚ ਮੁਹੱਈਆ ਕਰਾਉਣ ਨੂੰ ਲੈ ਕੇ ਯੋਜਨਾਵਾਂ ਅਤੇ ਤਿਆਰੀਆਂ ਬਾਰੇ ਚਰਚਾ ਕੀਤੀ।
ਬੈਠਕ ਦੌਰਾਨ ਸਿਹਤ ਅਧਿਕਾਰੀਆਂ ਨੇ ਸ਼ੁਰੂ ਵਿਚ ਪ੍ਰਤੀ ਦਿਨ 5000 ਅਜਿਹੇ ਵਿਅਕਤੀਆਂ ਨੂੰ ਟੀਕਾ ਲਗਾਉਣ ਦਾ ਇਰਾਦਾ ਸਾਂਝਾ ਕੀਤਾ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਅਤੇ ਫਿਰ ਇਸ ਨੂੰ ਪ੍ਰਤੀ ਦਿਨ 10,000 ਤੱਕ ਕੀਤੇ ਜਾਣ ਦੀ ਯੋਜਨਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਊਦੀ ਅਰਬ ਅਤੇ ਕੁਵੈਤ ਨੇ ਆਪਣੇ ਨਾਗਰਿਕਾਂ ਨੂੰ ਮੁਫਤ ਵਿਚ ਕੋਰੋਨਾ ਵੈਕਸੀਨ ਮੁਹੱਈਆ ਕਰਾਉਣ ਦੀ ਘੋਸ਼ਣਾ ਕੀਤੀ ਸੀ। ਬਹੀਰੀਨ ਨੇ 4 ਦਸੰਬਰ ਨੂੰ ਬਾਇਐਨਟੈਕ /ਫਾਈਜ਼ਰ ਦੀ ਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ।