ਬਹਿਰੀਨ ਦੇ ਪ੍ਰਧਾਨ ਮੰਤਰੀ ਦਾ ਦੇਹਾਂਤ, ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤੱਕ ਰਹੇ ਪੀ.ਐੱਮ.
Wednesday, Nov 11, 2020 - 05:37 PM (IST)
ਮਨਾਮਾ (ਬਿਊਰੋ): ਬਹਿਰੀਨ ਦੇ ਪ੍ਰਧਾਨ ਮੰਤਰੀ ਖਲੀਫਾ ਬਿਨ ਸਲਮਾਨ ਅਲ ਖਲੀਫਾ ਦਾ ਅੱਜ ਭਾਵ ਬੁੱਧਵਾਰ ਨੂੰ 84 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹਨਾਂ ਦਾ ਇਲਾਜ ਅਮਰੀਕਾ ਦੇ ਮੇਯੋ ਕਲੀਨਿਕ ਹਸਪਤਾਲ ਵਿਚ ਚੱਲ ਰਿਹਾ ਸੀ। ਹਾਲ ਹੀ ਵਿਚ ਬਹਿਰੀਨ ਦੇ ਪੀ.ਐੱਮ. ਇਜ਼ਰਾਈਲ ਦੇ ਨਾਲ ਸ਼ਾਂਤੀ ਸਮਝੌਤੇ ਕਰਨ ਦੇ ਕਾਰਨ ਗਲੋਬਲ ਚਰਚਾ ਵਿਚ ਆਏ ਸਨ। ਉਹਨਾਂ ਦੀ ਮੌਤ 'ਤੇ ਬਹਿਰੀਨ ਸ਼ਾਹੀ ਉੱਚ ਅਧਿਕਾਰੀਆਂ ਨੇ ਸੋਗ ਪ੍ਰਗਟ ਕੀਤਾ ਹੈ।
ਇਕ ਹਫਤੇ ਦੇ ਸੋਗ ਦਾ ਐਲਾਨ
ਬਹਿਰੀਨ ਦੇ ਸ਼ਾਸਕ ਸ਼ੇਖ ਹਮਦ ਬਿਨ ਈਸਾ ਅਲ ਖਲੀਫਾ ਨੇ ਪੀ.ਐੱਮ. ਖਲੀਫਾ ਦੇ ਦੇਹਾਂਤ 'ਤੇ ਇਕ ਹਫਤੇ ਦੇ ਲਈ ਰਾਜਕੀ ਸੋਗ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਬਹਿਰੀਨ ਵਿਚ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ। ਕੋਰੋਨਾਵਾਇਰਸ ਦੇ ਕਾਰਨ ਉਹਨਾਂ ਦੇ ਅੰਤਮ ਸੰਸਕਾਰ ਦੇ ਦੌਰਾਨ ਵੀ ਸੀਮਤ ਗਿਣਤੀ ਵਿਚ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਭ ਤੋਂ ਲੰਬੇਂਸਮੇਂ ਤੱਕ ਰਹੇ ਪੀ.ਐੱਮ.
ਖਲੀਫਾ ਬਿਨ ਸਲਮਾਨ ਅਲ ਖਲੀਫਾ ਦੁਨੀਆ ਦੇ ਸਭ ਤੋਂ ਲੰਬੇਂ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀਆਂ ਵਿਚੋਂ ਇਕ ਸਨ। ਉਹਨਾਂ ਨੇ ਸਾਲ 1970 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀ। 2011 ਵਿਚ ਅਰਬ ਕ੍ਰਾਂਤੀ ਦੇ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਕਾਰਨ ਉਹਨਾਂ ਨੂੰ ਹਟਾਉਣ ਦੇ ਲਈ ਕਾਫੀ ਪ੍ਰਦਰਸ਼ਨ ਹੋਏ ਸਨ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਕਹਿਰ, ਬੀਬੀ ਪੁਲਸ ਅਧਿਕਾਰੀ ਦੀਆਂ ਅੱਖਾਂ ਕੱਢ ਮਾਰੀ ਗੋਲੀ
ਨਿੱਜੀ ਟਾਪੂ 'ਤੇ ਕਰਦੇ ਸਨ ਮਹਿਮਾਨਾਂ ਨਾਲ ਮੁਲਾਕਾਤ
ਪ੍ਰਿੰਸ ਖਲੀਫਾ ਦੀ ਤਾਕਤ ਅਤੇ ਜਾਇਦਾਦ ਦੀ ਝਲਕ ਇਸ ਛੋਟੇ ਜਿਹੇ ਦੇਸ਼ ਵਿਚ ਚਾਰੇ ਪਾਸੇ ਦੇਖੀ ਜਾ ਸਕਦੀ ਹੈ। ਦੇਸ਼ ਦੇ ਸ਼ਾਸਕ ਦੇ ਨਾਲ ਉਹਨਾਂ ਦੀ ਤਸਵੀਰ ਕਈ ਦਹਾਕਿਆਂ ਤੱਕ ਸਰਕਾਰੀ ਕੰਧਾਂ 'ਤੇ ਰਹੀ। ਖਲੀਫਾ ਦਾ ਆਪਣਾ ਇਕ ਨਿੱਜੀ ਟਾਪੂ ਸੀ, ਜਿੱਥੇ ਉਹ ਵਿਦੇਸ਼ੀ ਮਹਿਮਾਨਾਂ ਨਾਲ ਮੁਲਾਕਾਤ ਕਰਦੇ ਸਨ।
ਸ਼ਾਹੀ ਪਰਿਵਾਰ ਦੇ ਖਾਸ
ਪ੍ਰਿੰਸ ਖਾੜੀ ਦੇਸ਼ਾਂ ਵਿਚ ਅਗਵਾਈ ਕਰਨ ਦੀ ਪੁਰਾਣੀ ਪਰੰਪਰਾ ਦੀ ਨੁਮਾਇੰਦਗੀ ਕਰਦੇ ਸਨ, ਜਿਸ ਵਿਚ ਸੁੰਨੀ ਅਲ ਖਲੀਫਾ ਪਰਿਵਾਰ ਦੇ ਪ੍ਰਤੀ ਸਮਰਥਨ ਜ਼ਾਹਰ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਭਾਵੇਂਕਿ ਉਹਨਾਂ ਦੇ ਤੌਰ-ਤਰੀਕਿਆਂ ਨੂੰ 2011 ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਚੁਣੌਤੀ ਮਿਲੀ ਸੀ।