ਬਗਦਾਦ : ਰਾਤ ਵੇਲੇ ਅਮਰੀਕੀ ਦੂਤਘਰ ''ਤੇ ਰਾਕੇਟ ਹਮਲਾ, 1 ਜ਼ਖਮੀ

Monday, Jan 27, 2020 - 09:26 PM (IST)

ਬਗਦਾਦ : ਰਾਤ ਵੇਲੇ ਅਮਰੀਕੀ ਦੂਤਘਰ ''ਤੇ ਰਾਕੇਟ ਹਮਲਾ, 1 ਜ਼ਖਮੀ

ਬਗਦਾਦ - ਬਗਦਾਦ ਵਿਚ ਅਮਰੀਕੀ ਦੂਤਘਰ 'ਤੇ ਰਾਤ ਵੇਲੇ ਕੀਤੇ ਗਏ ਰਾਕੇਟ ਹਮਲੇ ਵਿਚ ਦੂਤਘਰ ਦਾ ਇਕ ਕਰਮਚਾਰੀ ਜ਼ਖਮੀ ਹੋ ਗਿਆ। ਉਥੇ ਕੰਮ ਕਰਨ ਵਾਲਿਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਨਾਲ ਗੱਲਬਾਤ ਕਰਨ ਲਈ 2 ਕਰਮਚਾਰੀਆਂ ਨੇ ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਪਰ ਜ਼ਖਮੀ ਹੋਏ ਕਰਮਚਾਰੀ ਦੀ ਨਾਗਰਿਕਤਾ ਜਾਂ ਸੱਟ ਦੀ ਗੰਭੀਰਤਾ ਦਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਰਾਕੇਟ ਦੂਤਘਰ ਇਮਾਰਤ ਦੇ ਅੰਦਰ ਸਥਿਤ ਰੈਸਤਰਾਂ ਵਿਚ ਡਿੱਗਿਆ। ਇਰਾਕੀ ਸੁਰੱਖਿਆ ਬਲਾਂ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਵੀ ਹਿੰਸਾ ਜਾਰੀ ਰਹੀ ਜਦਕਿ ਦੇਸ਼ ਦੇ ਦੱਖਣ ਵਿਚ ਇਕ ਪ੍ਰਦਰਸ਼ਨਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਬਗਦਾਦ ਵਿਚ ਵੀ ਖਿਲਾਨੀ ਸਕੁਆਇਰ ਨੇਡ਼ੇ ਸੰਘਰਸ਼ ਦੀ ਖਬਰ ਹੈ।

ਅਮਰੀਕੀ ਦੂਤਘਰ ਈਰਾਕੀ ਰਾਜਧਾਨੀ ਦੇ ਗ੍ਰੀਨ ਜ਼ੋਨ ਵਿਚ ਸਥਿਤ ਹੈ ਅਤੇ ਈਰਾਨ ਅਤੇ ਅਮਰੀਕਾ ਵਿਚਾਲੇ ਵੱਧਦੇ ਖੇਤਰੀ ਤਣਾਅ ਕਾਰਨ ਨਿਸ਼ਾਨੇ 'ਤੇ ਰਹਿੰਦਾ ਹੈ। ਈਰਾਨ ਸਮਰਥਿਤ ਮਿਲੀਸ਼ੀਆ ਦੇ ਇਰਾਕੀ ਸਮਰਥਕ 31 ਦਸੰਬਰ ਨੂੰ ਦੂਤਘਰ ਇਮਾਰਤ ਵਿਚ ਮੁਖ ਦਰਵਾਜ਼ਾ ਤੋਡ਼ ਕੇ ਦਾਖਲ ਹੋ ਗਏ ਸਨ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਅੱਗ ਲਾ ਦਿੱਤੀ ਸੀ। ਅਮਰੀਕੀ ਫੌਜ ਦੇ ਬਿਆਨ ਮੁਤਾਬਕ ਐਤਵਾਰ ਨੂੰ ਗ੍ਰੀਨ ਜ਼ੋਨ ਵਿਚ ਘਟੋਂ-ਘੱਟ 5 ਰਾਕੇਟ ਡਿੱਗੇ। ਇਸ ਮਹੀਨੇ ਅਮਰੀਕੀ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਤੀਜਾ ਰਾਕੇਟ ਹਮਲਾ ਸੀ ਅਤੇ ਇਸ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਬਾਰੇ ਵਿਚ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪਹਿਲਾਂ ਹੋਏ ਹਮਲਿਆਂ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ। ਇਰਾਕੀ ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿਦੀ ਨੇ ਇਕ ਬਿਆਨ ਵਿਚ ਹਮਲੇ ਦੀ ਨਿੰਦਾ ਕੀਤੀ ਅਤੇ ਦੇਸ਼ ਵਿਚ ਡਿਪਲੋਮੈਟ ਮਿਸ਼ਨਾਂ ਦੀ ਸੁਰੱਖਿਆ ਦੀ ਇਰਾਕੀ ਵਚਨਬੱਧਤਾ 'ਤੇ ਜ਼ੋਰ ਦਿੱਤਾ।


author

Khushdeep Jassi

Content Editor

Related News