Mohali Alert : ਰਾਤ ਨੂੰ ਫਿਰ ਖੁੱਲ੍ਹੇ ਫਲੱਡ ਗੇਟ! ਘੱਗਰ ਮਚਾ ਸਕਦੈ ਤਬਾਹੀ, ਪ੍ਰਸ਼ਾਸਨ ਵਲੋਂ ਅਲਰਟ ਜਾਰੀ
Saturday, Aug 30, 2025 - 10:33 AM (IST)

ਚੰਡੀਗੜ੍ਹ (ਵੈੱਬ ਡੈਸਕ, ਭਗਵਤ) : ਚੰਡੀਗੜ੍ਹ 'ਚ ਪੈ ਰਹੇ ਭਾਰੀ ਮੀਂਹ ਕਾਰਨ ਸੁਖ਼ਨਾ ਝੀਲ 'ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਰਾਤ ਕਰੀਬ 11 ਵਜੇ ਫਿਰ ਸੁਖ਼ਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ, ਜਿਨ੍ਹਾਂ ਨੂੰ ਕਈ ਘੰਟਿਆਂ ਬਾਅਦ ਸ਼ਾਮ ਦੇ ਸਮੇਂ ਬੰਦ ਕੀਤਾ ਗਿਆ ਅਤੇ ਫਿਰ ਰਾਤ ਨੂੰ ਇਹ ਗੇਟ ਖੋਲ੍ਹ ਦਿੱਤੇ ਗਏ। ਸੁਖਨਾ ਝੀਲ ਦੇ ਕਈ ਘੰਟਿਆਂ ਤੱਕ ਖੋਲ੍ਹੇ ਫਲੱਡ ਗੇਟਾਂ ਕਾਰਨ ਘੱਗਰ ਦਰਿਆ ’ਚ ਅਚਾਨਕ ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਤੋਂ ਵੀ ਵੱਧ ਗਿਆ, ਜਿਸ ਕਾਰਨ ਪਾਣੀ ਨੇੜਲੇ ਇਲਾਕਿਆਂ ’ਚ ਦਾਖ਼ਲ ਹੋ ਗਿਆ। ਲੋਕਾਂ ਨੂੰ ਭਾਜੜਾਂ ਪੈ ਗਈਆਂ ਅਤੇ ਜ਼ਰੂਰੀ ਸਮਾਨ ਲੈ ਕੇ ਘਰ ਖ਼ਾਲੀ ਕਰਨੇ ਪਏ। ਕਈ ਇਲਾਕੇ ਜਲ-ਥਲ ਹੋ ਗਏ। ਦਰਿਆ ਦੇ ਆਲੇ ਦੁਆਲੇ ਦੇ ਪਿੰਡਾਂ ਅਤੇ ਨੀਵੀਆਂ ਥਾਵਾਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ, ਜਿਸ ਨੇ ਤਬਾਹੀ ਮਚਾਈ। ਮੁਬਾਰਕਪੁਰ ਤੇ ਈਸਾਪੁਰ ਸਮੇਤ ਅੱਧੇ ਦਰਜਨ ਪਿੰਡਾਂ ਨੇੜੇ ਤੋਂ ਨਿਕਲਣ ਵਾਲੇ ਚੋਅ ਦੇ ਕਾਜਵਿਆਂ ਉੱਤੋਂ ਪਾਣੀ ਵੱਗਦਾ ਰਿਹਾ ਤੇ ਆਵਾਜਾਈ ਪ੍ਰਭਾਵਿਤ ਰਹੀ। ਮੁਬਾਰਕਪੁਰ ਕਾਜ਼ਵੇਅ ਨੇੜੇ ਘੱਗਰ ਕੰਢੇ ਸਥਿਤ ਕਰੀਬ 100 ਝੁੱਗੀ-ਝੌਂਪੜੀਆਂ ’ਚ ਰਹਿਣ ਵਾਲੇ ਮਜ਼ਦੂਰਾਂ ਨੂੰ ਤੜਕਸਾਰ ਕਰੀਬ 4 ਵਜੇ ਸੁਰੱਖਿਅਤ ਥਾਂਵਾਂ ’ਤੇ ਸ਼ਿਫਟ ਹੋਣਾ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਐਲਾਨੀ ਗਈ ਛੁੱਟੀ
ਗਿਆਰਾਮ ਤੇ ਸੁਰੇਸ਼ ਅਨੁਸਾਰ ਖਾਣ-ਪੀਣ ਸਣੇ ਹੋਰ ਸਾਮਾਨ ਰੁੜ੍ਹ ਗਿਆ। ਤੇਜ਼ ਵਹਾਅ ਕਾਰਨ ਮੁਬਾਰਕਪੁਰ ਕਾਜ਼ਵੇਅ ਸੜਕ ਨੂੰ ਜੋੜਨ ਵਾਲੀ ਢਕੋਲੀ ਸਾਈਡ ਤੋਂ ਸੜਕ ਨੁਕਸਾਨੀ ਗਈ, ਜਿਸ ਕਾਰਨ ਦੋਪਹੀਆ ਵਾਹਨਾਂ ਨੂੰ ਛੱਡ ਕੇ ਸਾਰੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਪਿੰਡ ਪੰਡਵਾਲਾ ਦੇ ਕਿਸਾਨ ਬਲਦੇਵ ਸਿੰਘ ਅਨੁਸਾਰ ਖੇਤਾਂ ’ਚ ਖੜ੍ਹੀ ਫ਼ਸਲ ਡੁੱਬ ਗਈ। ਪਿੰਡ ਭਗਵਾਨਪੁਰ ਉਦਯੋਗਿਕ ਖੇਤਰ ’ਚ ਹੜ੍ਹ ਵਰਗੇ ਹਾਲਾਤ ਬਣ ਗਏ। ਦਰਜਨਾਂ ਫੈਕਟਰੀਆਂ ’ਚ ਪਾਣੀ ਵੜ ਗਿਆ। ਫੈਕਟਰੀ ਮਾਲਕਾਂ ਮੁਤਾਬਕ ਮਸ਼ੀਨਰੀ, ਕੱਚਾ ਤੇ ਤਿਆਰ ਮਾਲ ਡੁੱਬਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਮਾਯੂਸ ਹੋਏ ਸੰਜੇ ਕੁਮਾਰ ਨੇ ਦੱਸਿਆ ਕਿ ਗੋਦਾਮਾਂ ’ਚ ਰੱਖਿਆ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ। ਸੜਕਾਂ ਤੇ ਖੜ੍ਹੀਆਂ ਗੱਡੀਆਂ ਡੁੱਬ ਗਈਆਂ। ਲੋਕ ਘਰਾਂ ’ਚ ਕੈਦ ਹੋ ਗਏ। ਹਾਲੇ ਹਾਲਾਤ ਹੋਰ ਮਾੜੇ ਹੋ ਸਕਦੇ ਹਨ, ਕਿਉਂਕਿ ਮੌਸਮ ਵਿਭਾਗ ਨੇ 24 ਘੰਟਿਆਂ ਲਈ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਹੜ੍ਹਾਂ ਵਿਚਾਲੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ 'ਚ ਛੁੱਟੀਆਂ ਦਾ ਐਲਾਨ, ਇਸ ਲਈ ਲਿਆ ਫ਼ੈਸਲਾ
ਕੰਟਰੋਲ ਰੂਮ ਨੰਬਰ ਜਾਰੀ
ਮੋਹਾਲੀ ਪ੍ਰਸ਼ਾਸਨ ਵੱਲੋਂ ਹੜ੍ਹ ਸਥਿਤੀ ’ਤੇ ਕਰੜੀ ਨਿਗਰਾਨੀ ਲਈ ਕੰਟਰੋਲ ਰੂਮ ਨੰਬਰ 0172-2219506 ਜਾਰੀ ਕੀਤਾ ਹੈ। ਮੋਬਾਇਲ ਨੰਬਰ 76580-51209 ਤੇ ਉਪ ਮੰਡਲ ਡੇਰਾਬਸੀ ਦੇ ਕੰਟਰੋਲ ਰੂਮ ਲਈ 01762-283224 ’ਤੇ ਫੋਨ ਕਰ ਕੇ ਸੂਚਿਤ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8