ਪੁਲਾੜ ਯਾਤਰੀ ਜਿਸ ਬੈਗ ''ਚ ਲੈ ਕੇ ਆਇਆ ਸੀ ਮਿੱਟੀ, ਵਿਕਿਆ ਹੀਰਿਆਂ ਦੇ ਮੁੱਲ

07/21/2017 3:50:10 PM

ਨਿਊਯਾਰਕ— ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਦੇ ਇਤਿਹਾਸਕ 'ਅਪੋਲੋ-11' ਪੁਲਾੜ ਮਿਸ਼ਨ ਦੌਰਾਨ ਵਰਤੋਂ ਕੀਤੇ ਗਏ ਬੈਗ ਨੂੰ ਇਕ ਵਿਅਕਤੀ ਨੇ 18 ਲੱਖ ਅਮਰੀਕੀ ਡਾਲਰ ਵਿਚ ਖਰੀਦਿਆ ਹੈ। ਅਪੋਲੋ-11 ਮਿਸ਼ਨ ਦੀ 48ਵੀਂ ਵਰ੍ਹੇਗੰਢ ਦੇ ਮੌਕੇ 'ਤੇ ਨਿਊਯਾਰਕ 'ਚ ਆਯੋਜਿਤ ਇਕ ਨੀਲਾਮੀ ਦੌਰਾਨ ਇਸ ਬੈਗ ਲਈ ਇਹ ਬੋਲੀ ਲੱਗੀ।
ਇਹ ਉਹ ਹੀ ਬੈਗ ਹੈ, ਜਿਸ ਵਿਚ ਆਰਮਸਟ੍ਰਾਂਗ ਚੰਦਰਮਾ ਤੋਂ ਸਤ੍ਹਾ ਤੋਂ ਮਿੱਟੀ ਭਰ ਕੇ ਧਰਤੀ 'ਤੇ ਲਿਆਏ ਸਨ। ਨੀਲਾਮੀ ਕਰਤਾ ਸੋਥਬਾਏ ਨੇ ਦੱਸਿਆ ਕਿ ਇਹ ਬੈਗ ਕਈ ਸਾਲਾਂ ਤੱਕ ਹਾਸਟਨ ਦੇ ਜਾਨਸਨ ਪੁਲਾੜ ਕੇਂਦਰ 'ਚ ਇਕ ਡੱਬੇ ਵਿਚ ਬੰਦ ਪਿਆ ਰਿਹਾ। ਕੱਲ ਭਾਵ ਵੀਰਵਾਰ ਨੂੰ ਨੀਲਾਮੀ ਵਿਚ ਇਕ ਵਿਅਕਤੀ ਨੇ ਪਹਿਚਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਇਸ ਬੈਗ ਲਈ ਫੋਨ 'ਤੇ ਬੋਲੀ ਲਾਈ। ਨੀਲਾਮੀ ਕਰਤਾਵਾਂ ਨੇ ਇਸ ਬੈਗ ਦੇ 20 ਤੋਂ 30 ਲੱਖ ਡਾਲਰ ਵਿਚ ਨੀਲਾਮ ਹੋਣ ਦੀ ਉਮੀਦ ਜ਼ਾਹਰ ਕੀਤੀ ਸੀ। ਚੰਦਰਮਾ ਦੇ ਦ੍ਰਿਸ਼ਟੀਕੋਣ ਤੋਂ ਚਲਾਏ ਗਏ ਵੱਖ-ਵੱਖ ਪੁਲਾੜ ਪ੍ਰੋਗਰਾਮਾਂ ਅਤੇ ਮਿਸ਼ਨਾਂ ਵਿਚ ਵਰਤੋਂ ਕੀਤੀਆਂ ਗਈਆਂ ਚੀਜ਼ਾਂ 'ਚ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਚੀਜ਼ ਹੈ। 
ਜ਼ਿਕਰਯੋਗ ਹੈ ਕਿ ਨੀਲ ਆਰਮਸਟ੍ਰਾਂਗ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਜੁਲਾਈ 1969 'ਚ ਅਪੋਲੋ-11 ਪੁਲਾੜ ਮਿਸ਼ਨ ਦੌਰਾਨ ਇਸ 'ਲੂਨਰ ਸੈਂਪਲ ਰਿਟਰਨ' ਬੈਗ ਦੀ ਵਰਤੋਂ ਕੀਤੀ ਗਈ ਸੀ। ਇਸ ਬੈਗ ਦੀ ਲੰਬਾਈ 30 ਸੈਂਟੀਮੀਟਰ ਅਤੇ ਚੌੜਾਈ 22 ਸੈਂਟੀਮੀਟਰ ਹੈ।


Related News