ਕਾਂਗਰਸ ਨੇ ਬਾਦਲਾਂ ਨੂੰ ਦਿੱਤੀ ਚੁਣੌਤੀ, ਹਿੰਮਤ ਹੈ ਤਾਂ ਕੈਨੇਡਾ ਆ ਕੇ ਦਿਖਾਓ

04/30/2016 3:07:26 PM

ਵੈਨਕੂਵਰ (ਧਵਨ)— ਪੰਜਾਬ ਕਾਂਗਰਸ ਨੇ ਕੈਨੇਡਾ ''ਚ ਆਮ ਆਦਮੀ ਪਾਰਟੀ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪ੍ਰਵਾਸੀ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਪੰਜਾਬ ''ਚ ਲੋਕਾਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦਿੱਤੀ ਤਾਂ ਇਸ ਦਾ ਸਿੱਧਾ ਲਾਭ ਅਕਾਲੀਆਂ ਨੂੰ ਮਿਲੇਗਾ ਇਸ ਲਈ ਲੋਕਾਂ ਨੂੰ ਪਿਛਲੀਆਂ ਚੋਣਾਂ ਤੋਂ ਸਬਕ ਲੈਂਦੇ ਹੋਏ ਆਪਣੇ ਵੋਟ ਨੂੰ ਖਰਾਬ ਨਹੀਂ ਕਰਨਾ ਹੈ।
ਸ਼ੁੱਕਰਵਾਰ ਨੂੰ ਸਰੀ ਦੇ ਨੇੜੇ ਪ੍ਰਵਾਸੀ ਪੰਜਾਬੀਆਂ ਦੇ ਨਾਲ ਆਯੋਜਿਤ ਬੈਠਕ ''ਚ ਕੈਨੇਡਾ ਦੇ ਕੋ-ਕਾਰਡੀਨੇਟਰ ਰਾਣਾ ਗੁਰਜੀਤ ਸਿੰਘ, ਸੀਨੀਅਰ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਕਾਂਗੜ, ਕਾਂਗਰਸ ਨੇਤਾ ਲਾਡੀ ਸ਼ੇਰੋਵਾਲੀਆ, ਮਲਕੀਅਤ ਸਿੰਘ ਦਾਖਾ, ਵਿਧਾਇਕ ਗੁਰਕੀਰਤ ਸਿੰਗ ਕੋਟਲੀ, ਇੰਡੀਅਨ ਓਵਰਸੀਜ਼ ਕਾਂਗਰਸ ਜਮਰਨੀ ਦੇ ਚੇਅਰਮੈਨ ਹਰਜਿੰਦਰ ਸਿੰਘ ਚਾਹਲ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਕਾਂਗਰਸ ਨੇਤਾ ਹਰਮਿੰਦਰ ਸਿੰਘ ਗਿੱਲ ਤੇ ਹੋਰਾਂ ਨੇ ਹਿੱਸਾ ਲਿਆ।
ਬੈਠਕ ਨੂੰ ਸੰਬੋਧਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਗਰਮਦਲੀ ਸੰਗਠਨਾਂ ਨੇ ਅਦਾਲਤ ''ਚ ਕੇਸ ਕੀਤਾ, ਜਿਸ ਦਾ ਜਵਾਬ ਇਨ੍ਹਾਂ ਸੰਗਠਨਾਂ ਨੂੰ ਕਾਂਗਰਸ ਅਦਾਲਤ ''ਚ ਹੀ ਦੇਵੇਗੀ।
ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ''ਚ ਕਾਂਗਰਸ ਇਸ ਕਾਨੂੰਨੀ ਲੜਾਈ ਨੂੰ ਜਿੱਤ ਲਏਗੀ। ਉਨ੍ਹਾਂ ਕਿਹਾ ਕਿ ਟੋਰਾਂਟੋ ਤੇ ਵੈਨਕੂਵਰ ''ਚ ਕਾਂਗਰਸ ਦੀਆਂ ਜਿਸ ਤਰ੍ਹਾਂ ਸਫਲ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਪ੍ਰਵਾਸੀ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਸ ਦਾ ਨਿਪਟਾਰਾ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦਾ ਦੌਰਾ ਜ਼ਰੂਰ ਕਨਰਗੇ ਤਾਂਕਿ ਉਨ੍ਹਾਂ ਨੂੰ ਪ੍ਰਵਾਸੀਆਂ ਦੇ ਮਸਲਿਆਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ''ਚ ਇਸ ਵਾਰ ਨਸ਼ਿਆਂ, ਬੇਰੋਜ਼ਗਾਰੀ ਅਤੇ ਬਾਦਲ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੇ ਮੁੱਦੇ ਵੋਟਰਾਂ ਨੂੰ ਪ੍ਰਭਾਵਿਤ ਕਰਨਗੇ।
ਕਾਂਗਰਸ ਨੇਤਾ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਨਾ ਦੇਣ ਕਿਉਂਕਿ ਆਮ ਆਦਮੀ ਪਾਰਟੀ ਦੇ ਪਿੱਛੇ ਕਈ ਸ਼ਕਤੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹੁਣ ਹੋਰ ਪ੍ਰਯੋਗ ਨਹੀਂ ਕਰਨੇ ਹਨ। ਪੰਜਾਬ ਪਹਿਲਾਂ ਹੀ ਕਾਫੀ ਪਿੱਛੇ ਚਲਾ ਗਿਆ ਹੈ। ਉਨ੍ਹਾਂ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਕਿ ਉਹ ਕੈਨੇਡਾ ਦਾ ਦੌਰਾ ਕਰਕੇ ਦਿਖਾਉਣ। ਕੈਨੇਡਾ ਦੇ ਪ੍ਰਵਾਸੀ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ''ਚ ਵੜਨ ਵੀ ਨਹੀਂ ਦੇਣਗੇ। ਕਾਂਗਰਸ ਨੇਤਾ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ''ਤੇ ਹੀ ਪ੍ਰਵਾਸੀਆਂ ਨੂੰ ਭਰੋਸਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਵੀ ਇਸ ਵਾਰ ਵੋਟਰਾਂ ਨੂੰ ਪ੍ਰਭਾਵਿਤ ਕਰੇਗੀ। ਕਾਂਗਰਸ ਨੇਤਾ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੈਪਟਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਇਨਸਾਨ ਹਨ। ਅਦਾਲਤੀ ਕੇਸ ਖਤਮ ਹੋਣ ਤੋਂ ਬਾਅਦ ਉਹ ਕੈਨੇਡਾ ਦਾ ਦੌਰਾ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ''ਚ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਾਂਗਰਸ ਦੇ ਪੱਖ ''ਚ ਵੋਟਿੰਗ ਕਰਨ ਲਈ ਮਨਾਉਣਾ ਹੋਵੇਗਾ ਕਿਉਂਕਿ ਪਿਛਲੀਆਂ ਚੋਣਾਂ ਵੇਲੇ ਕਾਂਗਰਸ ਨੇ ਕਈ ਸੀਟਾਂ ਮਾਮੂਲੀ ਵੋਟਾਂ ਦੇ ਫਰਕ ਨਾਲ ਹਾਰ ਦਿੱਤੀਆਂ ਸਨ। ਇਸ ਮੌਕੇ  ਪਾਲ ਗਿਲ, ਪ੍ਰਭਦੇਵ ਸਿੰਘ ਖਹਿਰਾ, ਗੈਰੀ ਸਿੰਘ, ਸੁਖਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ।

Related News