ਸੀਰੀਆ 'ਚ ਭੂਚਾਲ ਮਗਰੋਂ ਮਲਬੇ ਹੇਠ ਪੈਦਾ ਹੋਈ ਬੱਚੀ ਨੂੰ ਮਿਲਿਆ ਨਾਮ ਅਤੇ ਨਵਾਂ ਘਰ
Friday, Feb 10, 2023 - 04:32 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਸੀਰੀਆ ਅਤੇ ਤੁਰਕੀ 'ਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ 'ਚ ਹੁਣ ਤੱਕ 21,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ। 24 ਘੰਟੇ ਬਚਾਅ ਕਾਰਜ ਜਾਰੀ ਹਨ ਪਰ ਬਰਫ ਅਤੇ ਮੀਂਹ ਬਚਾਅ ਕਾਰਜਾਂ ਵਿਚ ਮੁਸ਼ਕਿਲਾਂ ਵਧਾ ਰਹੇ ਹਨ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਮਵਾਰ ਨੂੰ ਮਲਬੇ ਹੇਠਾਂ ਦੱਬੀ ਮਾਂ, ਜਿਸ ਨੇ ਬੱਚੀ ਨੂੰ ਜਨਮ ਦਿੱਤਾ ਸੀ ਉਸ ਨੂੰ ਇਕ ਨਾਮ ਤੇ ਘਰ ਮਿਲ ਗਿਆ ਹੈ। ਜਿਵੇਂ ਹੀ ਬੱਚੀ ਦੇ ਬਚਾਅ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਕਈ ਲੋਕ ਉਸ ਨੂੰ ਗੋਦ ਲੈਣ ਲਈ ਅੱਗੇ ਆਏ।
ਅਯਾ ਰੱਖਿਆ ਗਿਆ ਬੱਚੀ ਦਾ ਨਾਮ
ਉਸ ਦਾ ਨਾਂ ਅਯਾ ਰੱਖਿਆ ਗਿਆ ਹੈ, ਜਿਸਦਾ ਅਰਬੀ ਵਿੱਚ ਅਰਥ 'ਚਮਤਕਾਰ' ਹੈ। ਉਸ ਦੇ ਇਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਉਸ ਨੂੰ ਘਰ ਲੈ ਜਾਵੇਗਾ, ਕਿਉਂਕਿ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜ਼ਿੰਦਾ ਨਹੀਂ ਹੈ। ਸਲਾਹ ਅਲ-ਬਦਰਾਨ ਦਾ ਆਪਣਾ ਘਰ ਵੀ ਭੂਚਾਲ 'ਚ ਤਬਾਹ ਹੋ ਗਿਆ ਅਤੇ ਉਹ ਫਿਲਹਾਲ ਟੈਂਟ 'ਚ ਰਹਿ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤੁਰਕੀ-ਸੀਰੀਆ 'ਚ ਭੂਚਾਲ ਕਾਰਨ ਭਿਆਨਕ ਤਬਾਹੀ, ਅਮਰੀਕਾ ਨੇ 85 ਮਿਲੀਅਨ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
ਬਚਾਅ ਦੀ ਵੀਡੀਓ ਵਾਇਰਲ
ਨੰਨ੍ਹੀ ਆਯਾ ਦੇ ਬਚਾਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ। ਫੁਟੇਜ ਵਿੱਚ ਇੱਕ ਵਿਅਕਤੀ ਚਾਰ ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਭੱਜਦਾ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਇੱਕ ਛੋਟੀ ਬੱਚੀ ਮਿੱਟੀ ਨਾਲ ਢੱਕੀ ਹੋਈ ਹੈ। ਦੂਜਾ ਵਿਅਕਤੀ ਨਵਜੰਮੇ ਬੱਚੀ ਲਈ ਕੰਬਲ ਲੈ ਕੇ ਦੌੜਦਾ ਹੈ ਜਦੋਂ ਕਿ ਤੀਜਾ ਉਸਨੂੰ ਹਸਪਤਾਲ ਲਿਜਾਣ ਲਈ ਤਿਆਰ ਹੁੰਦਾ ਹੈ। ਬੱਚੀ ਨੂੰ ਇਲਾਜ ਲਈ ਨੇੜਲੇ ਅਫਰੀਨ ਕਸਬੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਸਾਰੇ ਸਰੀਰ 'ਤੇ ਜ਼ਖਮ ਸਨ। ਬਹੁਤ ਜ਼ਿਆਦਾ ਠੰਢ ਕਾਰਨ ਵੀ ਬੱਚੀ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ।
ਅਯਾ ਸੋਮਵਾਰ ਦੇ 7.8 ਤੀਬਰਤਾ ਵਾਲੇ ਭੂਚਾਲ ਨਾਲ ਅਨਾਥ ਹੋਏ ਬਹੁਤ ਸਾਰੇ ਬੱਚਿਆਂ ਵਿੱਚੋਂ ਇੱਕ ਹੈ। ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਏਜੰਸੀ, ਯੂਨੀਸੇਫ ਨੇ ਕਿਹਾ ਕਿ ਉਹ ਉਨ੍ਹਾਂ ਬੱਚਿਆਂ ਦੀ ਨਿਗਰਾਨੀ ਕਰ ਰਿਹਾ ਹੈ ਜਿਨ੍ਹਾਂ ਦੇ ਮਾਪੇ ਲਾਪਤਾ ਜਾਂ ਮਾਰੇ ਗਏ ਹਨ ਅਤੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਹਸਪਤਾਲਾਂ ਨਾਲ ਤਾਲਮੇਲ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।