ਬ੍ਰਿਟਿਸ਼ ਕੋਲੰਬੀਆ 'ਚ ਕੋਰੋਨਾ ਪੀੜਤਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ
Wednesday, Aug 12, 2020 - 07:45 AM (IST)
ਵਿਕਟੋਰੀਆ- ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਵਾਇਰਸ ਦੇ 131 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 4,065 ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਾਮਲੇ ਸ਼ਨੀਵਾਰ ਨੂੰ ਸਾਹਮਣੇ ਆਏ, ਜਦ ਇਕੱਠੇ 50 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਐਤਵਾਰ ਨੂੰ 37 ਅਤੇ ਸੋਮਵਾਰ ਨੂੰ 44 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਇਸ ਦੌਰਾਨ ਕੋਰੋਨਾ ਕਾਰਨ ਕੋਈ ਨਵੀਂ ਮੌਤ ਨਹੀਂ ਹੋਈ ਤੇ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 195 ਹੀ ਹੈ।
ਸੋਮਵਾਰ ਤਕ ਸੂਬੇ ਵਿਚ 445 ਐਕਟਿਵ ਮਾਮਲੇ ਹਨ। ਇਨ੍ਹਾਂ ਵਿਚੋਂ 9 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਦਕਿ 3 ਵਿਅਕਤੀਆਂ ਨੂੰ ਆਈ. ਸੀ. ਯੂ. ਵਿਚ ਭਰਤੀ ਕੀਤਾ ਗਿਆ ਹੈ। ਸੂਬਾ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਬੀ. ਸੀ. ਹੈਲਥ ਕੇਅਰ ਵਿਚ ਦੋ ਹੋਰ ਕਰਮਚਾਰੀ ਕੋਰੋਨਾ ਦੀ ਲਪੇਟ ਵਿਚ ਆਏ ਹਨ। ਲੋਕਾਂ ਨੂੰ ਮਾਸਕ ਲਗਾ ਕੇ ਰੱਖਣ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਜਦਕਿ ਕਿਊਬਿਕ ਵਿਚ ਇਹ ਗਿਣਤੀ 60 ਹਜ਼ਾਰ ਨੂੰ ਪਾਰ ਕਰ ਗਈ ਹੈ।