ਬੰਗਲਾਦੇਸ਼ ''ਚ 14 ਨਵੰਬਰ ਤੱਕ ਬੰਦ ਰਹਿਣਗੇ ਸਿੱਖਿਆ ਸੰਸਥਾਨ
Thursday, Oct 29, 2020 - 03:06 PM (IST)
ਢਾਕਾ- ਬੰਗਲਾਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਬੰਦ ਕੀਤੇ ਗਏ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਤਾਰੀਖ਼ ਅੱਗੇ ਵਧਾ ਦਿੱਤੀ ਹੈ। ਦੇਸ਼ ਵਿਚ ਹੁਣ ਸਿੱਖਿਆ ਸੰਸਥਾਨਾਂ ਨੂੰ 14 ਨਵੰਬਰ ਤੱਕ ਬੰਦ ਹੀ ਰੱਖਿਆ ਜਾਵੇਗਾ। ਸਿੱਖਿਆ ਮੰਤਰੀ ਦੀਪੂ ਮੋਨੀ ਨੇ ਇਸ ਸਬੰਧੀ ਵੀਰਵਾਰ ਨੂੰ ਵਰਚੁਅਲ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਸਕੂਲ-ਕਾਲਜ ਆਦਿ ਬੰਦ ਕਰਨੇ ਪਏ ਸਨ। ਮਾਰਚ ਤੋਂ ਬੰਦ ਸਕੂਲਾਂ ਨੂੰ ਹੁਣ 14 ਨਵੰਬਰ ਤੋਂ ਬਾਅਦ ਹੀ ਖੋਲ੍ਹਣ 'ਤੇ ਵਿਚਾਰ ਬਣੇਗਾ।
ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕਈ ਵਾਰ ਉਨ੍ਹਾਂ ਕੋਲ ਇਹ ਫਰਮਾਇਸ਼ ਆਈ ਸੀ ਕਿ ਕੁਝ ਸੰਸਥਾਨਾਂ ਨੂੰ ਥੋੜੇ ਸਮੇਂ ਲਈ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਜੇ ਤੱਕ ਉਹ ਇਸ 'ਤੇ ਕੋਈ ਫ਼ੈਸਲਾ ਨਹੀਂ ਲੈ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਹਫ਼ਤਿਆਂ ਵਿਚ ਸਿੱਖਿਆ ਸੰਸਥਾਨਾਂ ਨੂੰ ਖੋਲ੍ਹਣ ਲਈ ਵਿਚਾਰ ਕੀਤਾ ਜਾਵੇਗਾ। ਜੇਕਰ ਸਥਿਤੀ ਠੀਕ ਰਹੀ ਤਾਂ ਹੋ ਸਕਦਾ ਹੈ ਕਿ ਪੂਰੇ ਸਿੱਖਿਆ ਸੰਸਥਾਨਾਂ ਨੂੰ ਪੂਰੇ ਸਮੇਂ ਲਈ ਖੋਲ੍ਹਿਆ ਜਾ ਸਕਦਾ ਹੈ।
ਦੱਸ ਦਈਏ ਕਿ ਬੰਗਲਾਦੇਸ਼ ਸਰਕਾਰ ਨੇ 17 ਮਾਰਚ ਤੋਂ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ। ਕਈ ਵਾਰ ਸਕੂਲਾਂ ਨੂੰ ਖੋਲ੍ਹਣ ਨੂੰ ਲੈ ਕੇ ਵਿਚਾਰ ਬਦਲੇ ਗਏ। ਪਿਛਲੀ ਵਾਰ ਇਹ ਫ਼ੈਸਲਾ ਕੀਤਾ ਗਿਆ ਸੀ ਕਿ 31 ਅਕਤੂਬਰ ਤਕ ਸਕੂਲ ਬੰਦ ਰਹਿਣਗੇ ਤੇ ਹੁਣ ਫਿਰ ਫੈਸਲਾ ਬਦਲ ਲਿਆ ਗਿਆ ਹੈ।