ਆਇਸ਼ਾ ਖਾਨ ਵਲੋਂ ਵਲੰਟੀਅਰਾਂ ਦੇ ਸਨਮਾਨ ''ਚ ਸਮਾਗਮ ਆਯੋਜਿਤ

07/30/2018 12:10:55 PM

ਵਾਸ਼ਿੰਗਟਨ ਡੀ. ਸੀ., ( ਰਾਜ ਗੋਗਨਾ )— ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦੀ ਕੇਂਦਰੀ ਕਮੇਟੀ ਦੀ ਨਵੀਂ ਚੁਣੀ ਮਹਿਲਾ ਨੇਤਾ ਆਇਸ਼ਾ ਖਾਨ ਨੇ ਆਪਣੇ ਵਰਕਰਾਂ ਦੀ ਕਾਰਗੁਜ਼ਾਰੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਰਾਜਨੀਤੀ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ । ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਨਾਲ ਪੂਰਾ ਹਾਲ ਖਚਾ-ਖਚ ਭਰਿਆ ਹੋਇਆ ਸੀ। 
ਆਇਸ਼ਾ ਖਾਨ ਨੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ, ਇਸ ਦਾ ਸਿਹਰਾ ਭਾਈਚਾਰੇ ਨੂੰ ਜਾਂਦਾ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਮੇਰੀ ਚੋਣ ਵਿੱਚ ਜਾਨ ਪਾਈ। ਇਸ ਸਦਕਾ ਮੈਂ ਡੈਮੋਕ੍ਰੇਟਿਕ ਟੀਮ ਦੀ ਕੇਂਦਰੀ ਟੀਮ ਵਿੱਚ ਪ੍ਰਵੇਸ਼ ਕਰ ਸਕੀ ਹਾਂ। 44 ਡ੍ਰਿਸਟ੍ਰਿਕਟਾਂ ਦੇ ਕੌਂਸਲਮੈਨ ਨੇ ਕਿਹਾ ਕਿ ਆਇਸ਼ਾ ਖਾਨ ਦਾ ਰਾਜਨੀਤੀ ਵਿੱਚ ਪ੍ਰਵੇਸ਼ ਭਾਈਚਾਰੇ ਲਈ ਰੰਗਤ ਦਾ ਪੈਗਾਮ ਹੈ। ਇੱਥੇ ਉਹ ਮਸਲੇ ਉਠਾਉਣ ਅਤੇ ਸੁਲਝਾਉਣ ਵਿੱਚ ਯੋਗਦਾਨ ਪਾਵੇਗੀ ਅਤੇ ਸਾਊਥ ਏਸ਼ੀਅਨ ਭਾਈਚਾਰੇ ਲਈ ਗਵਰਨਰ ਹਾਊਸ, ਮੇਅਰ ਆਫਿਸ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਭਾਈਚਾਰੇ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦਿਵਾਉਣ ਵਿੱਚ ਵੀ ਸਹਾਈ ਹੋਵੇਗੀ।
ਡਾ. ਗਿੱਲ ਨੇ ਕਿਹਾ ਕਿ ਆਇਸ਼ਾ ਖਾਨ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਹੈ। ਲੋੜ ਹੈ ਸਾਨੂੰ ਹੋਰ ਸਹਿਯੋਗ ਦੇਣ ਦੀ, ਤਾਂ ਜੋ ਇਹ ਭਾਈਚਾਰੇ ਲਈ ਕੁਝ ਕਰ ਗੁਜ਼ਰਨ ਲਈ ਯੋਗਦਾਨ ਪਾ ਸਕੇ। ਆਈ. ਐੱਸ. ਬੀ. ਦੇ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਨੂੰ ਸੈਮੀਨਾਰਾਂ ਰਾਹੀਂ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਦਾ ਉਪਰਾਲਾ ਕਰੇਗੀ ਤਾਂ ਜੋ ਅਮਰੀਕਾ ਵਿੱਚ ਰਹਿ ਕੇ ਉਹ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ। ਅਖੀਰ ਵਿੱਚ ਆਇਸ਼ਾ ਖਾਨ ਨੇ ਚੋਣ ਦੌਰਾਨ ਮਦਦ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਅਤੇ ਮਹਿਮਾਨਾਂ ਨੂੰ ਤੋਹਫਿਆਂ ਨਾਲ ਨਿਵਾਜਿਆ।


Related News