33ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 2 ਅਪ੍ਰੈਲ ਤੋਂ ਪਰਥ ''ਚ

03/26/2021 9:26:55 AM

ਮੈਲਬੌਰਨ (ਮਨਦੀਪ ਸਿੰਘ ਸੈਣੀ)- 2 ਅਪ੍ਰੈਲ ਤੋਂ ਪੱਛਮੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਪਰਥ ਵਿੱਚ ਹੋਣ ਵਾਲੀਆਂ 33ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ 'ਤੇ ਆਯੋਜਿਤ ਹੋਣ ਵਾਲੀਆਂ 33 ਵੀਆਂ ਸਾਲਾਨਾ ਸਿੱਖ ਖੇਡਾਂ 2-4 ਅਪ੍ਰੈਲ ਤੱਕ ਪੱਛਮੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਪਰਥ ਦੀ ਕਰਟਿਨ ਯੂਨੀਵਰਸਿਟੀ ,ਬੈਂਟਲੀ ਵਿੱਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ ਪਰ ਕਰੋਨਾ ਪਾਬੰਦੀਆਂ ਕਰਕੇ ਇਹਨਾਂ ਖੇਡਾਂ ਵਿੱਚ ਸਿਰਫ਼ ਪੱਛਮੀ ਆਸਟ੍ਰੇਲੀਆ ਸੂਬੇ ਦੇ ਖਿਡਾਰੀ ਹੀ ਭਾਗ ਲੈ ਸਕਣਗੇ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ।

ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਦੱਸਿਆਂ ਕਿ ਕਰੋਨਾ ਮਹਾਮਾਰੀ ਕਰਕੇ ਪਾਬੰਦੀਆਂ ਲੱਗੀਆਂ ਹੋਣ ਕਰਕੇ ਸਿੱਖ ਖੇਡ ਕਮੇਟੀ ਵੱਲੋਂ ਖੇਡਾਂ ਦੀ ਮਿੱਥੀ ਹੋਈ ਰੂਪ ਰੇਖਾ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਪਰਥ ਸਿੱਖ ਖੇਡਾਂ ਨੂੰ ਸਮਰਪਿਤ ਵੱਖ- ਵੱਖ ਸ਼ਹਿਰਾਂ ਵਿੱਚ ਰੀਜ਼ਨਲ ਟੂਰਨਾਮੈਂਟ ਉਲੀਕੇ ਗਏ ਹਨ ਤਾਂ ਜੋ ਸਥਾਨਕ ਦਰਸ਼ਕ ਆਪਣੇ ਸ਼ਹਿਰ ਵਿੱਚ ਹੀ ਖੇਡਾਂ ਦਾ ਆਨੰਦ ਮਾਣ ਸਕਣ। 

ਮੈਲਬੌਰਨ, ਸਿਡਨੀ , ਬ੍ਰਿਸਬੇਨ ਅਤੇ ਐਡੀਲੇਡ ਵਿੱਚ ਹੋਣ ਵਾਲੀਆਂ ਇਹਨਾਂ ਖੇਡਾਂ ਵਿੱਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਨਾਲ ਆਪਸੀ ਸਾਂਝ ਅਤੇ ਖੇਡ ਭਾਵਨਾ ਨੂੰ ਹੋਰ ਪ੍ਰਪੱਕ ਕਰਨ ਦਾ ਮੌਕਾ ਮਿਲੇਗਾ। ਕੌਮੀ ਕਮੇਟੀ ਦੀ ਰਹਿਨੁਮਾਈ ਹੇਠ ਸਥਾਨਕ ਕਮੇਟੀਆਂ ਵੱਲੋਂ ਆਪੋ ਆਪਣੇ ਸ਼ਹਿਰਾਂ ਵਿੱਚ ਈਸਟਰ ਵੀਕਐਂਡ 'ਤੇ ਖੇਡ ਪ੍ਰੋਗਰਾਮ ਉਲੀਕੇ ਗਏ ਹਨ। ਇਹਨਾਂ ਖੇਡਾਂ ਵਿੱਚ ਫੁੱਟਬਾਲ, ਰੱਸਾਕਸ਼ੀ, ਕ੍ਰਿਕਟ, ਦੌੜ, ਵਾਲੀਬਾਲ, ਨੈੱਟਬਾਲ, ਟੈਨਿਸ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਪਰਥ ਵਿੱਚ ਹੋਣ ਵਾਲੀਆਂ ਸਿੱਖ ਖੇਡਾਂ ਰੱਦ ਹੋ ਗਈਆਂ ਸਨ।


cherry

Content Editor

Related News