ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਨੇ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਦਿੱਤੀ ਸ਼ਰਧਾਂਜਲੀ
Monday, Jul 19, 2021 - 10:11 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਵੱਲੋਂ ਮੂਲਬੀਮ ਪਾਰਕ ਬ੍ਰਿਸਬੇਨ ਵਿਖੇ ਪੰਜਾਬ ਦੇ ਭੱਖਦੇ ਮਸਲਿਆਂ ਤੇ ਸਾਹਿਤਕ ਸੰਵਾਦ ਰਚਾਇਆ ਗਿਆ, ਜਿਸ ਦੌਰਾਨ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ। ਇਸ ਮੌਕੇ ਪ੍ਰਸਿੱਧ ਪੱਤਰਕਾਰ ਪੁਲਿਤਜ਼ਰ ਪੁਰਸਕਾਰ ਜੇਤੂ ਦਾਨਿਸ਼ ਸਿੱਦੀਕੀ ਦੀ ਬੇ-ਵਕਤੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦਾਨਿਸ਼ ਸਿੱਦੀਕੀ ਦੀ ਮੌਤ ਨਾਲ ਪੱਤਰਕਾਰੀ ਖੇਤਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦਾਨਿਸ਼ ਵਲੋਂ ਪੱਤਰਕਾਰੀ ਖੇਤਰ ਵਿੱਚ ਨਿਭਾਈਆਂ ਗਈਆਂ ਬੇ-ਮਿਸਾਲ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ - ਤੀਜੀਆਂ ਨਿਊਜ਼ੀਲੈਂਡ 'ਸਿੱਖ ਖੇਡਾਂ' ਦਾ ਹੋਇਆ ਐਲਾਨ, “27-28 ਨਵੰਬਰ” ਨੂੰ ਮੁੜ ਲੱਗਣਗੀਆਂ ਰੌਣਕਾਂ
ਇਸ ਉਪਰੰਤ ਪੰਜਾਬੀ ਦੀਆਂ ਦੋ ਇਤਿਹਾਸਕ ਦਸਤਾਵੇਜ ਕਿਤਾਬਾਂ "ਇਤਿਹਾਸਕ ਕਿਸਾਨੀ ਅੰਦੋਲਨ" ਅਤੇ "ਗਿਆਨੀ ਗੁਰਦਿੱਤ ਸਿੰਘ ਦਲੇਰ" ਦੀ ਜੀਵਨੀ 'ਤੇ ਅਧਾਰਿਤ ਕਿਤਾਬ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਸਾਂਝੇ ਰੂਪ ਵਿੱਚ ਕਿਤਾਬਾਂ ਬਾਰੇ ਚਰਚਾ ਕੀਤੀ ਗਈ। ਜਿੱਥੇ ਗਿਆਨੀ ਗੁਰਦਿੱਤ ਸਿੰਘ ਦਲੇਰ ਜੀ ਦੀ ਜੀਵਨੀ ਬਾਰੇ ਵਿਚਾਰ-ਚਰਚਾ ਕਰਦਿਆਂ ਮੌਜੂਦਾ ਕਿਸਾਨੀ ਅੰਦੋਲਨ ਬਾਰੇ ਵੀ ਡੂੰਘਾ ਸੰਵਾਦ ਰਚਾਇਆ ਅਤੇ ਲੋਕਾਈ ਨੂੰ ਪੰਜਾਬੀ ਸਾਹਿਤ ਦੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ।
ਵਰਿੰਦਰ ਅਲੀਸ਼ੇਰ ਨੇ ਆਸਟ੍ਰੇਲੀਆ 'ਚ ਅਗਸਤ ਮਹੀਨੇ ਹੋ ਰਹੀ ਮਰਦਮਸ਼ੁਮਾਰੀ ਸੰਬੰਧੀ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਮਰਦਮਸ਼ੁਮਾਰੀ ਵਿੱਚ ਆਪਣੀ ਉਮਰ, ਜਨਮ ਸਥਾਨ, ਧਰਮ, ਵੰਸ਼, ਸਿੱਖਿਆ ਅਤੇ ਮਾਂ-ਬੋਲੀ ਪੰਜਾਬੀ ਜਰੂਰ ਲਿਖਣ, ਜਿਸ ਸਬੰਧੀ ਇਕ ਵੀਡੀਓ ਤਿਆਰ ਕੀਤਾ ਗਿਆ ਜੋ ਜਲਦੀ ਹੀ ਪਾਠਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ ।ਇਸ ਮੌਕੇ ਹਰਮਨਦੀਪ ਗਿੱਲ, ਜਗਜੀਤ ਖੋਸਾ, ਨਵਦੀਪ ਸਿੰਘ ਸਿੱਧੂ, ਵਰਿੰਦਰ ਅਲੀਸ਼ੇਰ,ਜਤਿੰਦਰ ਰਹਿਲ, ਗੁਰਵਿੰਦਰ ਰੰਧਾਵਾ ਉਚੇਚੇ ਤੌਰ 'ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।