ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਕਵੀ ਦਰਬਾਰ ਆਯੋਜਿਤ

Sunday, Dec 19, 2021 - 01:23 PM (IST)

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਕਵੀ ਦਰਬਾਰ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਕਮਿਊਨਿਟੀ ਰੇਡੀਓ 4ਈਬੀ ਵਿਖੇ ਪੰਜਾਬੀ ਭਾਸ਼ਾ ਗਰੁੱਪ ਅਤੇ ਮਾਝਾ ਯੂਥ ਕਲੱਬ ਦੇ ਸਹਿਯੋਗ ਨਾਲ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਕਿਤਾਬ ‘ਸਿਦਕ ਸਵਾਸਾਂ ਸੰਗ’ ਅਤੇ ‘ਧੂੜਾਂ ਨੇ ਸਰਬੱਤ’ ਦੋਵੇਂ ਕਿਤਾਬਾਂ ਨੂੰ ਲੋਕ ਅਰਪਣ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਵੱਲੋਂ ਸੰਸਥਾ ਦੀ ਭਵਿੱਖੀ ਵਿਉਂਤਬੰਦੀ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਉਹਨਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾ ਅਤੇ ਸੂਫ਼ੀ ਗੀਤਾਂ ਨਾਲ ਬਾਖੂਬੀ ਰੰਗ ਬੰਨਿਆ। ਹਰਮਨਦੀਪ ਗਿੱਲ ਵੱਲੋਂ ਦੋਵੇਂ ਕਿਤਾਬਾਂ ‘ਧੂੜਾਂ ਨੇ ਸਰਬੱਤ’ ਲੇਖਕ ਬਿੰਦਰ ਮਾਨ ਅਤੇ ‘ਸਿਦਕ ਸਵਾਸਾਂ ਸੰਗ’ ਲੇਖਕ ਮਹਿੰਦਰ ਸਾਥੀ ਬਾਬਤ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਦੋਵੇਂ ਕਲਮਾਂ ਨੂੰ ਸਮੇਂ ਦੇ ਹਾਣ ਦਾ ਦੱਸਿਆ। ਕਵੀ ਦਿਨੇਸ਼ ਸ਼ੇਖ਼ੂਪੁਰ ਨੇ ਆਪਣੀ ਕਵਿਤਾ ‘ਸਕੂਨ’ ਅਤੇ ‘ਪਿਆਰ’ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਕੀਤੀ। ਗੁਰਵਿੰਦਰ ਸਿੰਘ ਨੇ ‘ਚੜ੍ਹਦੇ ਸੂਰਜ’ ਅਤੇ ‘ਦਿੱਲੀਏ’ ਰਾਹੀਂ ਜੁਝਾਰੂ ਸੁਨੇਹਾ ਦਿੰਦਿਆਂ ਕਿਸਾਨੀ ਸੰਘਰਸ਼ ਨੂੰ ਸਿਜਦਾ ਕੀਤਾ। ਉਹਨਾਂ ਮਨੁੱਖੀ ਅਧਿਕਾਰਾਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ‘ਤੇ ਵੀ ਚਿੰਤਾ ਪ੍ਰਗਟਾਈ। ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਸੰਸਥਾ ਨੇ ਲੰਘੇ ਡੇਢ ਵਰ੍ਹੇ ਨੂੰ ਮਾਤ ਭਾਸ਼ਾ ਪੰਜਾਬੀ ਅਤੇ ਸਾਹਿਤ ਦੇ ਪਸਾਰੇ ਲਈ ਭਰਪੂਰ ਯੋਗਦਾਨ ਪਾਇਆ ਹੈ, ਉਹਨਾਂ ਮਾਪਿਆਂ ਨੂੰ ਵਿਦੇਸ਼ਾਂ ‘ਚ ਛੋਟੇ ਬੱਚਿਆਂ ਨੂੰ ਪੰਜਾਬੀ ਲਿੱਖਣ ‘ਚ ਨਿਪੁੰਨ ਕਰਨ ਅਤੇ ਪੰਜਾਬੀ ਭਾਸ਼ਾ ਦੀ ਚੇਟਕ ਲਗਾਉਣ ਦੀ ਅਪੀਲ ਕੀਤੀ।

PunjabKesari

ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਸ਼ਾਇਰ ਨਦੀਮ ਅਕਬਰ ਨੇ ਉਰਦੂ ਸ਼ਾਇਰੀ ‘ਚ ਮਾਤ ਭਾਸ਼ਾ ਪੰਜਾਬੀ ਦੀ ਉਸਤਤ ਅਤੇ ਮਨੁੱਖੀ ਰਿਸ਼ਤਿਆਂ ਦੀ ਪ੍ਰੋੜ੍ਹਤਾ ਕੀਤੀ। ਬੱਚਾ ਕੰਵਰਜੀਤ ਸਮਾਜ ਵਿਚਲੇ ਮਨੁੱਖੀ ਵਿਤਕਰੇ ‘ਤੇ ਬੋਲਿਆ।ਦਲਜੀਤ ਸਿੰਘ ਨੇ ਪੰਜਾਬੀ ਕਵਿਤਾ ਦੀਆਂ ਬਰੀਕੀਆਂ ‘ਤੇ ਝਾਤ ਪਾਈ ਅਤੇ ਪੰਜਾਬੀ ਕਵਿਤਾ ਦੇ ਘਟਦੇ ਮੋਜ਼ੂਦਾ ਮਿਆਰ ਦਾ ਚਿੰਤਨ ਵੀ ਕੀਤਾ। ਉਹਨਾਂ ਪੰਜਾਬੀ ਕਵਿਤਾ ‘ਚ ਯਥਾਰਥ ਦੀ ਆਈ ਕਮੀ ਬਾਬਤ ਚਿੰਤਾਂ ਪ੍ਰਗਟਾਈ। ਉਹਨਾਂ ਅਨੁਸਾਰ ਕਵਿਤਾ ਮਨੁੱਖ ‘ਚ ਸਹਿਣਸ਼ੀਲਤਾ ਵਧਾਉਂਦੀ ਹੈ। ਕਵਿਤਰੀ ਹਰਕੀ ਵਿਰਕ ਨੇ ਕਿਰਤੀਆਂ ਨੂੰ ਸਮਰਪਿਤ ਕਵਿਤਾ ‘ਹੱਕਾਂ ਲਈ ਬੋਲ’ ਰਾਹੀਂ ਚੰਗਾ ਸੁਨੇਹਾ ਦਿੱਤਾ। ਰਿਤਿਕਾ ਅਹੀਰ ਨੇ ਆਪਣੀ ਤਕਰੀਰ ਵਿੱਚ ਕਿਸਾਨੀ ਸੰਘਰਸ਼, ਸਮਾਜਿਕ ਮੁੱਦਿਆਂ ਅਤੇ ਹਾਕਮਾਂ ਦੇ ਲੂੰਬੜ ਵਰਤਾਰੇ ਦਾ ਗੰਭੀਰ ਚਿੰਤਨ ਕੀਤਾ। ਗਾਇਕ ਹਰਮਨ ਦੇ ਗੀਤਾਂ ਤੇ ਸੰਗੀਤਕ ਸੁਮੇਲ ਨਾਲ ਚੰਗਾ ਸਾਹਿਤਿਕ ਰੰਗ ਬੰਨਿਆਂ।

PunjabKesari

ਪ੍ਰਣਾਮ ਸਿੰਘ ਹੇਅਰ ਨੇ ਉਸਾਰੂ ਪੰਜਾਬੀ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਸਮੇਂ ਦੀ ਮੰਗ ਦੱਸਿਆ। ਉਹਨਾਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਧਾਈ ਦਿੱਤੀ। ਮਾਝਾ ਪੰਜਾਬੀ ਸਕੂਲ ਤੋਂ ਅਧਿਆਪਕਾ ਗੁਰਵਿੰਦਰ ਕੌਰ ਵੱਲੋਂ ਸਿੱਖ ਧਰਮ ਦੇ ਗੁਰੂ ਸਹਿਬਾਨ ਦੇ ਅਧਿਆਤਮਿਕ ਜੀਵਨ ਫਲਸਫੇ ਬਾਰੇ ਅਤੇ ਸਿੱਖੀ ‘ਚ ਸਿੰਘ ਅਤੇ ਕੌਰ ਸ਼ਬਦ ਦੀ ਮਹਾਨਤਾ ਨੂੰ ਦੱਸਿਆ। ਛੋਟੇ ਬੱਚਿਆਂ ‘ਚ ਰੀਤਪਾਲ ਕੌਰ, ਗੁਰਅਸੀਸ ਕੌਰ, ਧੀਨਾਜ ਅਤੇ ਕੰਵਰ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਅਤੇ ਬੱਚਿਆਂ ਨੂੰ ਸਨਮਾਨਿਆ ਗਿਆ। ਸੰਸਥਾ ਵੱਲੋਂ ਮਾਝਾ ਪੰਜਾਬੀ ਸਕੂਲ ਦੇ ਸਮੂਹ ਅਧਿਆਪਕ ਪਵਨਦੀਪ ਕੌਰ, ਜਸਮੀਤ ਕੌਰ, ਗੁਰਵਿੰਦਰ ਕੌਰ ਅਤੇ ਮਨਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਪੱਤਰ ਦਿੱਤੇ ਗਏ। ਸੰਸਥਾ ਵੱਲੋਂ ਨਵੇਂ ਸਭਾ ਮੈਂਬਰ ਦਿਨੇਸ਼ ਸ਼ੇਖੂਪੁਰ, ਹਰਕੀ ਵਿਰਕ ਅਤੇ ਰਿਤੀਕਾ ਅਹੀਰ ਦਾ ਸਵਾਗਤ ਕੀਤਾ ਗਿਆ। ਸੰਸਥਾ ਵੱਲੋਂ ਅੰਤ ਵਿੱਚ ਦੋਵੇਂ ਕਿਤਾਬਾਂ ਨੂੰ ਲੋਕ ਅਰਪਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ - ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵੱਡਾ ਝਟਕਾ: ਕਤਰ ਏਅਰਵੇਜ਼ ਦੀਆਂ ਦੋਹਾ-ਅੰਮ੍ਰਿਤਸਰ ਉਡਾਣਾਂ ਰੱਦ

ਇਸ ਸਾਹਿਤਕ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਦਿਨੇਸ਼, ਗੁਰਵਿੰਦਰ, ਹਰਮਨ ਗਿੱਲ, ਹਰਕੀ ਵਿਰਕ, ਰਿਤੀਕਾ ਅਹੀਰ, ਨਦੀਮ ਅਕਰਮ, ਗੁਰਵਿੰਦਰ ਕੌਰ, ਦਲਜੀਤ ਸਿੰਘ, ਵਰਿੰਦਰ ਅਲੀਸ਼ੇਰ, ਪ੍ਰਣਾਮ ਸਿੰਘ ਹੇਅਰ, ਬਲਰਾਜ ਸਿੰਘ, ਰਣਜੀਤ ਸਿੰਘ, ਨਵਦੀਪ ਸਿੰਘ, ਹਰਜੀਤ ਲਸਾੜਾ, ਰੀਤਪਾਲ ਕੌਰ, ਗੁਰਅਸੀਸ ਕੌਰ, ਧੀਨਾਜ, ਕਿਰਨਪਾਲ, ਕੰਵਰ, ਪਵਨਦੀਪ ਕੌਰ, ਜਸਮੀਤ ਕੌਰ, ਕਿਰਨਪਾਲ, ਅਨੀਤਾ ਰਾਜ, ਗੁਰਵਿੰਦਰ ਕੌਰ, ਮਨਦੀਪ ਕੌਰ ਆਦਿ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਹਰਮਨ ਪਰਮਿੰਦਰ ਵਲੋਂ ਬਾਖੂਬੀ ਨਿਭਾਈ ਗਈ।


author

Vandana

Content Editor

Related News