ਆਸਟਰੇਲੀਆਈ ਪੀ.ਐੱਮ. ਦਾ ਵਾਅਦਾ: 2.5 ਕਰੋੜ ਲੋਕਾਂ ਨੂੰ ਮੁਫਤ ਵੰਡਾਂਗੇ ਕੋਰੋਨਾ ਵੈਕਸੀਨ
Wednesday, Aug 19, 2020 - 03:18 AM (IST)
ਸਿਡਨੀ: ਦੁਨੀਆ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹੁਣ ਤੱਕ 2 ਕਰੋੜ 21 ਲੱਖ 20 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1 ਕਰੋੜ 48 ਲੱਖ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ, ਜਦਕਿ 7 ਲੱਖ 78 ਹਜ਼ਾਰ ਤੋਂ ਵਧੇਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਕੋਰੋਨਾ ਵਾਇਰਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਦੇ ਹਨ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਈ ਜਾਵੇਗੀ ਤੇ ਸਾਰਿਆਂ ਨੂੰ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਵੈਕਸੀਨ ਆਸਟਰੇਲੀਆ ਦੀ ਪਹੁੰਚ ਵਿਚ ਹੈ।
ਪ੍ਰਧਾਨ ਮੰਤਰੀ ਮਾਰਿਸਨ ਨੇ ਕਿਹਾ ਕਿ ਆਸਟਰੇਲੀਆ ਨੇ ਸਵੀਡਿਸ਼-ਬ੍ਰਿਟਿਸ਼ ਫਾਰਮਾਸਯੁਟਿਕਲ ਕੰਪਨੀ ਐਸਟ੍ਰਾਡੇਨੇਕਾ ਨਾਲ ਵੈਕਸੀਨ ਦੀ ਡੀਲ ਕੀਤੀ ਸੀ। ਇਹ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਵੈਕਸੀਨ ਸਫਲ ਹੁੰਦੀ ਹੈ ਤਾਂ ਅਸੀਂ ਇਸ ਨੂੰ ਖੁਦ ਬਣਾਵਾਂਗੇ ਤੇ ਆਪਣੇ 2.5 ਕਰੋੜ ਨਾਗਰਿਕਾਂ ਨੂੰ ਮੁਫਤ ਦੇਵਾਂਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਅਮਰੀਕਾ, ਬ੍ਰਾਜ਼ੀਲ, ਭਾਰਤ ਤੇ ਰੂਸ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚੋਂ ਹਨ। ਇਕੱਲੇ ਅਮਰੀਕਾ ਵਿਚ ਹੀ ਕੋਰੋਨਾ ਵਾਇਰਸ ਦੇ 56 ਲੱਖ ਤੋਂ ਵਧੇਰੇ ਮਾਮਲੇ ਹਨ ਤੇ 1.74 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਆਸਟਰੇਲੀਆ ਵਿਚ ਕੋਰੋਨਾ ਵਾਇਰਸ ਦੇ 23,773 ਮਾਮਲੇ ਸਾਹਮਣੇ ਆਏ ਹਨ ਤੇ 438 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 14,929 ਲੋਕ ਇਸ ਬੀਮਾਰੀ ਤੋਂ ਸਿਹਤਮੰਦ ਹੋਏ ਹਨ।