ਆਸਟ੍ਰੇਲੀਆਈ ਸੰਸਦ ਵਿਚ ਨਵਾਂ ਕਾਨੂੰਨ ਪਾਸ, ਚੀਨ ਨਾਲ ਵੱਧ ਸਕਦਾ ਹੈ ਤਣਾਅ

Wednesday, Dec 09, 2020 - 05:57 PM (IST)

ਆਸਟ੍ਰੇਲੀਆਈ ਸੰਸਦ ਵਿਚ ਨਵਾਂ ਕਾਨੂੰਨ ਪਾਸ, ਚੀਨ ਨਾਲ ਵੱਧ ਸਕਦਾ ਹੈ ਤਣਾਅ

ਕੈਨਬਰਾ (ਬਿਊਰੋ): ਆਸਟ੍ਰੇਲੀਆਈ ਸੰਸਦ ਵਿਚ ਮੰਗਲਵਾਰ ਨੂੰ ਇਕ ਅਜਿਹਾ ਬਿੱਲ ਪਾਸ ਹੋਇਆ, ਜਿਸ ਦੇ ਤਹਿਤ ਵਿਦੇਸ਼ ਨੀਤੀ ਦਾ ਹਵਾਲਾ ਦੇ ਕੇ ਵਿਦੇਸ਼ੀ ਦੇਸ਼ਾਂ ਦੇ ਨਾਲ ਸਮਝੌਤੇ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਕਾਰਨ ਆਸਟ੍ਰੇਲੀਆ ਅਤੇ ਚੀਨ ਵਿਚ ਤਣਾਅ ਹੋਰ ਵੱਧ ਸਕਦਾ ਹੈ। ਚੀਨ ਨੇ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਇਹ ਕਾਨੂੰਨ ਦੋ-ਪੱਖੀ ਸੰਬੰਧਾਂ ਨੂੰ ਹੋਰ ਖਰਾਬ ਕਰਨ ਦਾ ਕਾਰਨ ਬਣ ਸਕਦਾ ਹੈ। 

ਇਹ ਹੈ ਨਵਾਂ ਕਾਨੂੰਨ
ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ, ਨਵੇਂ ਕਾਨੂੰਨ ਦੇ ਤਹਿਤ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਹੋਰ ਰਾਸ਼ਟਰਾਂ ਅਤੇ ਉਪ ਰਾਸ਼ਟਰੀ ਬੌਡੀਆਂ ਜਿਹੇ ਰਾਜ ਅਤੇ ਖੇਤਰ ਸਰਕਾਰਾਂ, ਸਥਾਨਕ ਪਰੀਸ਼ਦਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਹੋਏ ਸਮਝੌਤਿਆਂ ਨੂੰ ਰੱਦ ਕਰਨ ਵਿਚ ਸਮਰੱਥ ਹੋਣਗੀਆਂ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨਾਲ ਵਿਦੇਸ਼ ਨੀਤੀ ਪ੍ਰਭਾਵਿਤ ਹੋ ਰਹੀ ਹੈ। ਵਿਦੇਸ਼ ਮੰਤਰੀ ਮੌਰਿਸ ਪਾਇਨੇ ਨੇ ਕਿਹਾ ਕਿ ਕਾਨੂੰਨ ਇਹ ਯਕੀਨੀ ਕਰੇਗਾ ਕਿ ਸਮਝੌਤੇ ਆਸਟ੍ਰੇਲੀਆ ਦੀ ਵਿਦੇਸ਼ ਨੀਤੀ ਦੇ ਮੁਤਾਬਕ ਹੋਣ। ਇਸ ਨਵੇਂ ਕਾਨੂੰਨ ਦੇ ਕਾਰਨ ਆਸਟ੍ਰੇਲੀਆ ਅਤੇ ਚੀਨ ਦਰਮਿਆਨ ਤਣਾਅ ਵੱਧਣ ਦੀ ਸੰਭਾਵਨਾ ਹੈ। 

ਤਣਾਅ ਦੇ ਮੁੱਖ ਕਾਰਨਾਂ ਵਿਚੋਂ ਇਕ
ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮੁਤਾਬਕ ਚੀਨ ਨਾਲ ਸੰਬੰਧ ਖਰਾਬ ਹੋਣ ਦੇ 14 ਕਾਰਨਾਂ ਵਿਚੋਂ ਇਕ ਕਾਰਨ ਇਸ ਕਾਨੂੰਨ ਨੂੰ ਦੱਸਿਆ ਸੀ। ਕੈਨਬਰਾ ਵਿਚ ਚੀਨੀ ਦੂਤਾਵਾਸ ਦੇ ਮਾਧਿਅਮ ਨਾਲ ਪਿਛਲੇ ਮਹੀਨੇ ਸੂਚੀ ਜਾਰੀ ਕੀਤੀ ਗਈ ਸੀ। ਇਸ ਵਿਚ 5ਜੀ ਨੂੰ ਲੈਕੇ ਹੋਏ ਹੁਵੇਈ 'ਤੇ ਰੋਕ ਅਤੇ ਚੀਨ ਵਿਰੋਧੀ ਮੀਡੀਆ ਰਿਪੋਰਟ ਸ਼ਾਮਲ ਹੈ।

ਅਪ੍ਰੈਲ ਤੋਂ ਹੀ ਰਿਸ਼ਤਿਆਂ 'ਚ ਖਟਾਸ
ਚੀਨ-ਆਸਟ੍ਰੇਲੀਆ ਦੇ ਵਿਚ ਸੰਬੰਧ ਅਪ੍ਰੈਲ ਤੋਂ ਹੀ ਖਰਾਬ ਚੱਲ ਰਹੇ ਹਨ। ਇਸ ਦੌਰਾਨ ਆਸਟ੍ਰੇਲੀਆ ਨੇ ਕੋਰੋਨਾ ਮਹਾਮਾਰੀ ਦੀ ਉਤਪੱਤੀ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਦਿੱਤੀ ਸੀ। ਇਸ ਦੇ ਬਾਅਦ ਚੀਨ ਨੇ ਡੰਪਿੰਗ ਅਤੇ ਹੋਰ ਵਪਾਰ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਅਰਬਾਂ ਡਾਲਰ ਦੇ ਆਸਟ੍ਰੇਲੀਆਈ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ। ਇਸ ਵਿਚ ਬੀਫ, ਜੌਂ ਅਤੇ ਵਾਈਨ ਸ਼ਾਮਲ ਹੈ। ਵਿਸ਼ਲੇਸ਼ਕ ਇਸ ਨੂੰ ਵਿਆਪਕ ਰੂਪ ਨਾਲ ਆਰਥਿਕ ਬਦਲਾ ਮੰਨਦੇ ਹਨ। 

ਦੋਹਾਂ ਦੇਸ਼ਾਂ ਦੇ ਵਿਚ ਵਿਗੜਦੇ ਸੰਬੰਧਾਂ ਦੇ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਇਮੇਜ ਸ਼ੇਅਰ ਕੀਤੀ ਸੀ। ਇਸ ਵਿਚ ਇਕ ਆਸਟ੍ਰੇਲੀਆਈ ਸੈਨਿਕ ਅਫਗਾਨ ਬੱਚੇ ਦਾ ਕਤਲ ਕਰਦਿਆਂ ਦਿਸ ਰਿਹਾ ਸੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ 'ਤੇ ਚੀਨੀ ਸਰਕਾਰ ਦੀ ਕਾਫੀ ਆਲੋਚਨਾ ਕੀਤੀ ਅਤੇ ਮੁਆਫੀ ਮੰਗਣ ਲਈ ਕਿਹਾ ਸੀ। ਚੀਨ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਆਪਣੇ ਸੈਨਿਕਾਂ ਦੀ ਹਰਕਤ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।

ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News