ਆਸਟ੍ਰੇਲੀਆ ਦੀ ਸੰਸਦ ''ਚ ਗੂੰਜਿਆ ਕਿਸਾਨੀ ਮੁੱਦਾ, ਸਾਂਸਦ ਨੇ ਕਹੀ ਇਹ ਗੱਲ (ਵੀਡੀਓ)
Wednesday, Dec 02, 2020 - 05:56 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਭਾਰਤ 'ਚ ਖੇਤੀ ਕਾਨੂੰਨਾਂ ਖਿਲਾਫ ਉਠੀ ਲੋਕ ਲਹਿਰ ਦੀ ਗੂੰਜ ਦੇਸ਼ ਵਿਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ 'ਚ ਵੀ ਸੁਣਾਈ ਦੇ ਰਹੀ ਹੈ। ਦਿੱਲੀ ਦੀਆਂ ਸੜਕਾਂ ਜਾਮ ਕਰੀ ਬੈਠੇ ਕਿਸਾਨਾਂ ਦੀ ਆਵਾਜ਼ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਵੀ ਗੂੰਜਣ ਲੱਗੀ ਹੈ। ਮਾਣਯੋਗ ਐਮ.ਪੀ ਰੌਬ ਮਿੱਚਲ ਨੇ ਭਾਰਤੀ ਹਕੂਮਤ ਵੱਲੋਂ ਭਾਰਤੀ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਅਸਟ੍ਰੇਲੀਅਨ ਸੰਸਦ 'ਚ ਚੁੱਕਿਆ।
ਆਪਣੇ ਭਾਸ਼ਣ ਵਿੱਚ ਰੌਬ ਮਿੱਚਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਬਿੱਲਾਂ ਵਿਰੁੱਧ ਹਜ਼ਾਰਾਂ ਕਿਸਾਨਾਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੁਲਸ ਵੱਲੋਂ ਹਿੰਸਾਤਮਕ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੰਸਦ ਨੂੰ ਦੱਸਿਆ ਕਿ ਭਾਰਤ ਵਿੱਚ ਹਰ ਰੋਜ਼ ਲਗਭਗ 28 ਕਿਸਾਨ ਕਰਜ਼ੇ, ਸੋਕਾ ਤੇ ਹੋਰ ਕੁਦਰਤੀ ਆਫ਼ਤਾਂ ਕਰਕੇ ਖ਼ੁਦਕੁਸ਼ੀਆਂ ਕਰਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਲੋਕਤੰਤਰ ਦੇ ਅਰਥ ਦਸਦਿਆਂ ਮਿਚਲ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਇੱਕ ਸੁਤੰਤਰ ਲੋਕਤੰਤਰ ਦਾ ਬੁਨਿਆਦੀ ਹੱਕ ਹੈ। ਇਸ ਲਈ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੇਣਾ ਚਾਹੀਦਾ ਹੈ। ਮੁਸ਼ਕਿਲ ਹਾਲਾਤਾਂ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ ਤੇ ਇਹ ਤਰੀਕਾ ਹਿੰਸਾਤਮਕ ਤਰੀਕੇ ਨਾਲੋਂ ਜ਼ਿਆਦਾ ਵਧੀਆ ਹੈ।
ਪੜ੍ਹੋ ਇਹ ਅਹਿਮ ਖਬਰ- 'ਜਿਨਾਹ' ਦੇ ਨਾਮ 'ਤੇ ਸ਼ਰਾਬ ਦਾ ਨਾਮ ਰੱਖਣ ਦਾ ਦਾਅਵਾ, ਸੋਸ਼ਲ ਮੀਡੀਆ 'ਤੇ ਮਚਿਆ ਬਖੇੜਾ
ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ 'ਚ ਨਾਅਰੇ ਬੁਲੰਦ ਕੀਤੇ ਹਨ। ਇਸੇ ਦੇ ਚਲਦਿਆਂ ਅੱਜ ਮੈਲਬੌਰਨ ਸਥਿਤ ਵਿਕਟੋਰੀਅਨ ਸੰਸਦ ਦੇ ਬਾਹਰ ਅਤੇ ਫੈਡਰੇਸ਼ਨ ਸੁਕੇਅਰ 'ਤੇ ਵੀ ਪੰਜਾਬੀ ਭਾਈਚਾਰੇ ਵੱਲੋਂ ਭਾਰਤ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।