ਆਸਟ੍ਰੇਲੀਆਈ ਕੌਮਾਂਤਰੀ ਸਰਹੱਦਾਂ ਦਾ ਮੁੜ ਖੁੱਲ੍ਹਣਾ ਟੀਕਾਕਰਨ ‘ਤੇ ਨਿਰਭਰ  : ਪੀ. ਐੱਮ. ਮੌਰੀਸਨ

Monday, Feb 08, 2021 - 12:57 PM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਸਖ਼ਤ ਸਰਹੱਦੀ ਪਾਬੰਦੀਆਂ ਕਾਰਨ ਵਾਇਰਸ ਨੂੰ ਕਾਬੂ ਕਰਨ ਵਿਚ ਵੱਡੇ ਪੱਧਰ 'ਤੇ ਸਫ਼ਲ ਹੋਇਆ ਹੈ ਜਦਕਿ ਦੁਨੀਆ ਭਰ ਦੇ ਕਈ ਹੋਰ ਦੇਸ਼ ਅਜੇ ਵੀ ਤਾਲਾਬੰਦੀ ਅਤੇ ਘਾਤਕ ਬੀਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਦੁੱਖ ਨਾਲ ਜੂਝ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਉਮੀਦ ਤੋਂ ਜਲਦੀ ਹੀ ਮੁੜ ਖੁੱਲ੍ਹ ਸਕਦੀਆਂ ਹਨ ਜੇ ਕੋਰੋਨਾ ਵਾਇਰਸ ਦਾ ਟੀਕਾ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਕਾਰਗਰ ਸਿੱਧ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਟੀਕਾ ਲੋਕਾਂ ਵਿਚ ਵਾਇਰਸ ਦੀ ਲਾਗ ਫੈਲਣ ਤੋਂ ਰੋਕਦਾ ਹੈ ਤਾਂ ਇਹ ਗੇਮ-ਚੇਂਜਰ ਹੋ ਸਕਦਾ ਹੈ। ਇਸ ਲਈ ਅੰਤਰਰਾਸ਼ਟਰੀ ਯਾਤਰਾ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਹੁਣ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਇਰਸ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿਚ ਫੈਲਣ ਤੋਂ ਰੋਕਣ ਵਿਚ ਟੀਕਾ ਕਿੰਨਾ ਪ੍ਰਭਾਵਸ਼ਾਲੀ ਹੁੰਦਾ ਹੈ।

ਓਧਰ ਮੈਲਬੌਰਨ ਯੂਨੀਵਰਸਿਟੀ ਦੇ ਇਕ ਮਹਾਮਾਰੀ ਵਿਗਿਆਨੀ ਅਤੇ ਜਨ ਸਿਹਤ ਮਾਹਿਰ ਟੋਨੀ ਬਲੇਕਲੀ ਨੇ ਕਿਹਾ ਕਿ ਦੇਸ਼ ‘ਚ ਆਗਾਮੀ ਟੀਕਾਕਰਨ ਸਮੇਂ ਇਹ ਸੰਭਾਵਨਾ ਹੈ ਕਿ ਕੁਝ ਹੱਦ ਤਕ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਇਕਾਂਤਵਾਸ ਤੇ ਸਰਹੱਦ ਦੀਆਂ ਪਾਬੰਦੀਆਂ ਬਰਕਰਾਰ ਰੱਖੀਆਂ ਜਾਣਗੀਆਂ ।

ਇਸ ਦਾ ਮਤਲਬ ਹੈ ਕਿ ਜੇ ਕਿਸੇ ਨੂੰ ਯੂ. ਕੇ. ਵਿਚ ਟੀਕਾ ਲਗਾਇਆ ਜਾਂਦਾ ਹੈ ਜੋ ਆਸਟ੍ਰੇਲੀਆ ਦੀ ਯਾਤਰਾ ਕਰਦਾ ਹੈ ਤਾਂ ਸ਼ਾਇਦ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਅਲੱਗ ਰੱਖਿਆ ਜਾਵੇ ਕਿਉਂਕਿ ਉਹ ਅਜੇ ਵੀ ਵਾਇਰਸ ਲੈ ਕੇ ਜਾ ਸਕਦੇ ਹਨ। ਸਰਕਾਰ ਨੇ ਕੋਵਿਡ-19 ਪ੍ਰੋਗਰਾਮ ਤਹਿਤ ਫਾਈਜ਼ਰ-ਬਾਇਓਨਟੈਕ ਟੀਕੇ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਅੱਧ ਤੋਂ ਉਲੀਕੀ ਹੈ ਅਤੇ ਮਾਰਚ ਦੇ ਅੰਤ ਤੱਕ 4 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ।

 

ਆਸਟ੍ਰੇਲੀਆ ਦੀ ਕੋਵਿਡ-19 ਟੀਕਾਕਰਨ ਨੀਤੀ ਤਹਿਤ ਇਹ ਟੀਕਾ ਕੁੱਝ ਵੀਜ਼ਾ ਸ਼੍ਰੇਣੀਆਂ ਨੂੰ ਛੱਡ ਕੇ ਸਾਰੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਮੁਫ਼ਤ ਹੋਵੇਗਾ। ਸਬ ਕਲਾਸ 600 (ਟੂਰਿਸਟ) ਵੀਜ਼ਾ, ਸਬ ਕਲਾਸ 771 (ਟ੍ਰਾਂਜ਼ਿਟ), 651 (ਈਵਿਜ਼ਿਟਰ) ਅਤੇ 601 (ਇਲੈਕਟ੍ਰਾਨਿਕ ਟਰੈਵਲ ਅਥਾਰਟੀ) ਨੂੰ ਇਸ ਸਮੇਂ ਮੁਫ਼ਤ ਟੀਕਾਕਰਨ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਤਕਰੀਬਨ 65,000 ਵੀਜ਼ਾ ਧਾਰਕਾਂ ਨੂੰ ਇਸ ਟੀਕੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਵਿਚ ਲਗਭਗ 69,000 ਲੋਕ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਹਨ। ਆਸਟ੍ਰੇਲੀਅਨ ਸਰਕਾਰ ਨੇ ਫਾਈਜ਼ਰ-ਬਾਇਓਨਟੈਕ ਵੈਕਸੀਨ ਦੇ 10 ਮਿਲੀਅਨ ਟੀਕੇ ਅਤੇ 54 ਮਿਲੀਅਨ ਟੀਕੇ ਐਸਟ੍ਰਾਜ਼ੇਨੇਕਾ ਕੰਪਨੀ ਤੋਂ ਵੀ ਪ੍ਰਾਪਤ ਕਰਨ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਲਈ ਹੈ।
 


Lalita Mam

Content Editor

Related News