''ਮਾਸ ਖਾਂਦੇ ਭਗਵਾਨ ਗਣੇਸ਼'' ਦੇ ਵਿਗਿਆਪਨ ''ਤੇ ਵਿਭਾਗ ਨੇ ਮੰਨੀ ਗਲਤੀ

11/22/2017 5:49:41 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਦੇ ਵਿਗਿਆਪਨ ਨਿਗਰਾਨੀ ਵਿਭਾਗ ਨੇ ਬੁੱਧਵਾਰ ਨੂੰ ਆਪਣੀ ਰਾਇ ਬਦਲਦੇ ਹੋਏ ਕਿਹਾ ਕਿ ਭੇਡ ਦੇ ਮਾਸ ਦੀ ਵਰਤੋਂ ਲਈ ਜਾਰੀ ਭਗਵਾਨ ਗਣੇਸ਼ ਅਤੇ ਹੋਰ ਹਿੰਦੂ ਦੇਵੀ-ਦੇਵਤੇ ਵਾਲਾ ਵਿਵਾਦਪੂਰਨ ਵਿਗਿਆਪਨ ਦੇਸ਼ ਦੀ ਵਿਗਿਆਪਨ ਮਾਪਦੰਡ ਕੋਡ ਦਾ ਉਲੰਘਣ ਕਰਦਾ ਹੈ। ਇਹ ਵਿਗਿਆਪਨ ਸਤੰਬਰ ਵਿਚ ਮਾਸ ਉਦਯੋਗ ਨਾਲ ਜੁੜੇ ਮੀਟ ਐਂਡ ਲਾਈਵਸਟੌਕ ਆਸਟ੍ਰੇਲੀਆ ਨੇ ਜਾਰੀ ਕੀਤਾ ਸੀ, ਜਿਸ ਦਾ ਭਾਰਤੀ ਭਾਈਚਾਰੇ ਨੇ ਆਸਟ੍ਰੇਲੀਆ ਅਤੇ ਹੋਰ ਥਾਵਾਂ 'ਤੇ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਸੀ। ਉਸ ਸਮੇਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵਿਗਿਆਪਨ ਮਾਨਕ ਬਿਊਰੋ (ਏ. ਐੱਸ. ਬੀ.) ਕੋਲ ਸ਼ਿਕਾਇਤ ਦਰਜ ਕਰਾਉਂਦੇ ਹੋਏ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 
ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਆਸਟ੍ਰੇਲੀਆ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਸ ਇਸ਼ਤਿਹਾਰ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸ਼ੁਰੂਆਤ ਵਿਚ ਏ. ਐੱਸ. ਬੀ. ਨੇ ਕਿਹਾ ਸੀ ਕਿ ਮੀਟ ਐਂਡ ਲਾਈਵਸਟੌਕ ਦਾ ਵਿਗਿਆਪਨ ਕੋਡ ਦਾ ਉਲੰਘਣ ਨਹੀਂ ਕਰਦਾ ਹੈ। ਹਾਲਾਂਕਿ ਹੁਣ ਬੋਰਡ ਨੇ ਕਿਹਾ ਹੈ ਕਿ ਸਮੀਖਿਆ ਦੇ ਸਿੱਟੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਵਿਗਿਆਪਨ ਨੇ ਕੋਡ ਦੀ 2.1 ਧਾਰਾ ਦਾ ਉਲੰਘਣ ਕੀਤਾ ਹੈ।
ਤਾਜ਼ਾ ਫੈਸਲੇ 'ਚ ਬੋਰਡ ਨੇ ਕਿਹਾ ਕਿ ਭਗਵਾਨ ਗਣੇਸ਼ ਦੇ ਰੂਪ ਰੰਗ ਦੀ ਆਲੋਚਨਾ ਕਰਨਾ ਹਿੰਦੂ ਧਰਮ ਦਾ ਮਜ਼ਾਕ ਉਡਾਣਾ ਹੈ। ਏ. ਐੱਸ. ਬੀ. ਦੇ ਤਾਜ਼ਾ ਫੈਸਲੇ 'ਤੇ ਮੈਲਬੌਰਨ ਵਿਚ ਹਿੰਦੂ ਭਾਈਚਾਰੇ ਦੇ ਮੈਂਬਰ ਕਾਰਤਿਕ ਅਰਸੂ ਨੇ ਕਿਹਾ ਕਿ ਇਹ ਸਮੁਚੇ ਹਿੰਦੂ ਭਾਈਚਾਰੇ ਦੀ ਜਿੱਤ ਹੈ। ਭਾਈਚਾਰੇ ਨੇ ਇਕਜੁਟ ਹੋ ਕੇ ਮੀਟ ਐਂਡ ਲਾਈਵਸਟੌਕ ਆਸਟ੍ਰੇਲੀਆ ਵਿਰੁੱਧ ਲੜਾਈ ਵਿਚ ਯੋਗਦਾਨ ਦਿੱਤਾ।


Related News