ਆਸਟ੍ਰੇਲੀਆਈ ਅਦਾਲਤ ਨੇ ਸਮਲਿੰਗੀ ਵਿਆਹ ਬਾਰੇ ਲਿਆ ਅਹਿਮ ਫੈਸਲਾ

09/07/2017 1:29:44 PM

ਸਿਡਨੀ— ਆਸਟ੍ਰੇਲੀਆਈ ਹਾਈਕੋਰਟ ਨੇ ਸਮਲਿੰਗੀ ਵਿਆਹ 'ਤੇ ਡਾਕ ਜ਼ਰੀਏ ਵੋਟਿੰਗ ਕਰਾਉਣ ਦੀ ਸਰਕਾਰੀ ਯੋਜਨਾ ਵਿਰੁੱਧ ਦੋ ਚੁਣੌਤੀਆਂ ਨੂੰ ਖਾਰਜ ਕਰ ਦਿੱਤਾ। ਸਰਕਾਰ ਦੇ ਇਸ ਫੈਸਲੇ ਨਾਲ ਰਾਸ਼ਟਰੀ ਸਰਵੇਖਣ ਕਰਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਕਿ ਅਜਿਹੇ ਵਿਆਹਾਂ ਨੂੰ ਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ ਫੈਸਲੇ ਦਾ ਮਤਲਬ ਹੈ ਕਿ ਵੋਟ ਪੱਤਰਾਂ ਨੂੰ ਤੈਅ ਸਮੇਂ ਅਨੁਸਾਰ ਅਗਲੇ ਹਫਤੇ ਭੇਜਿਆ ਜਾਵੇਗਾ ਅਤੇ ਇਸ ਦੇ ਨਤੀਜੇ ਨਵੰਬਰ 'ਚ ਪਤਾ ਚੱਲਣਗੇ।
ਸਮਲਿੰਗੀ ਅਧਿਕਾਰਾਂ ਦੇ ਸਮਰਥਕ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕੈਨਬਰਾ ਸੰਸਦ ਵਿਚ ਕਿਹਾ, ''ਅਸੀਂ ਹਰੇਕ ਆਸਟ੍ਰੇਲੀਆਈ ਨਾਗਰਿਕ ਨੂੰ ਇਸ ਸਰਵੇਖਣ 'ਚ ਹਿੱਸਾ ਲੈਣ ਅਤੇ ਆਪਣੀ ਰਾਏ ਰੱਖਣ ਲਈ ਪ੍ਰੇਰਿਤ ਕਰਦੇ ਹਾਂ। ਟਰਨਬੁੱਲ ਦੀ ਕੰਜ਼ਰਵੇਟਿਵ ਸਰਕਾਰ ਨੇ ਬੀਤੇ ਸਾਲ ਰਾਸ਼ਟਰੀ ਰਾਇਸ਼ੁਮਾਰੀ ਕਰਾਉਣ ਦਾ ਚੋਣ ਵਾਅਦਾ ਕੀਤਾ ਸੀ ਪਰ ਉੱਪਰੀ ਸਦਨ 'ਚ ਦੋ ਵਾਰ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕ ਵੋਟਿੰਗ ਦਾ ਬਦਲ ਅਪਣਾਉਣਾ ਪਿਆ। ਸਮਲਿੰਗੀ ਵਿਆਹ ਦੇ ਸਮਰਥਕ ਸਵੈ-ਇੱਛੁਕ ਵੋਟਿੰਗ ਦਾ ਸਖਤ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਖਰਚੀਲਾ ਹੈ ਅਤੇ ਇਸ ਕਾਰਨ ਲੋਕ ਸਮਲਿੰਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਨਫਰਤ ਪੈਦਾ ਕਰਨ ਵਾਲੀਆਂ ਟਿੱਪਣੀਆਂ ਕਰਨਗੇ। ਸਮਲਿੰਗੀ ਵਿਆਹ ਦੇ ਦੋ ਸਮਰਥਕ ਸਮੂਹਾਂ ਨੇ ਇਸ ਨੂੰ ਹਾਈਕੋਰਟ 'ਚ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਸੀ ਕਿ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਡਾਕ ਵੋਟਿੰਗ ਕਰਵਾ ਕੇ ਸਰਕਾਰ ਆਪਣੀਆਂ ਸ਼ਕਤੀਆਂ ਦਾ ਉਲੰਘਣ ਕਰ ਰਹੀ ਹੈ ਪਰ ਅਦਾਲਤ ਨੇ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਖਾਰਜ ਕਰ ਦਿੱਤਾ।


Related News