ਮੈਲਬੌਰਨ : ਅੱਗ ਪੀੜਤਾਂ ਦੀ ਮਦਦ ਲਈ ਭਾਰਤੀਆਂ ਨੇ ਇਕੱਠੀ ਕੀਤੀ ਵੱਡੀ ਰਾਸ਼ੀ

01/13/2020 4:34:11 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਆਸਟ੍ਰੇਲ਼ੀਆ ਵਿੱਚ ਲੱਗੀ ਜੰਗਲੀ ਅੱਗ ਨਾਲ ਨਜਿੱਠਣ ਲਈ ਜਿੱਥੇ ਸਾਰਾ ਮੁਲਕ ਆਪੋ-ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕਰ ਰਿਹਾ ਹੈ, ਉੱਥੇ ਵਿਕਟੋਰੀਅਨ ਭਾਰਤੀ ਭਾਈਚਾਰੇ ਵੱਲੋਂ 12 ਜਨਵਰੀ ਨੂੰ ਥੋਰਨਬਰੀ ਥੀਏਟਰ ਵਿਖੇ 'ਬੁਸ਼ਫਾਇਰ ਰਿਲੀਫ ਫੰਡਰੇਜ਼ਿੰਗ ਪ੍ਰੋਗਰਾਮ' ਕਰਵਾਇਆ ਗਿਆ। ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਪੈਸਾ ਦਾਨ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ।ਜਿਸ ਦੇ ਚਲਦਿਆਂ ਲੋਕਾਂ ਨੇ ਆਪੋ ਆਪਣੀ ਸਮਰੱਥਾ ਮੁਤਾਬਕ ਉਪਰਾਲਾ ਕਰਦਿਆਂ 54,213 ਡਾਲਰ ਦੀ ਰਾਸ਼ੀ ਇਕੱਠੀ  ਕੀਤੀ। ਇਸ ਉਪਰਾਲੇ ਵਿੱਚ ਮੈਲਬੌਰਨ ਵੱਸਦੇ ਪੰਜਾਬੀ ਗਾਇਕ ਗਗਨ ਕੋਕਰੀ ਅਤੇ ਹਰਸਿਮਰਨ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਏ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਸੀ।
PunjabKesari
ਨਾਲ ਹੀ ਉਕਤ ਗਾਇਕਾਂ ਨੇ ਥੋਰਨਬਰੀ ਥੀਏਟਰ ਵਿਖੇ ਕਰਵਾਏ ਗਏ ਬੁਸ਼ਫਾਇਰ ਰਿਲੀਫ ਫੰਡਰੇਜ਼ਿੰਗ ਪ੍ਰੋਗਰਾਮ 'ਚ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਘੜੀ ਵਿੱਚ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹਾਂ ਤੇ ਇਸ ਪ੍ਰੋਗਰਾਮ ਰਾਹੀਂ ਲੋੜਵੰਦਾਂ ਲੋਕਾਂ ਦੀ ਮਦਦ ਲਈ ਇੱਕ ਉਪਰਾਲਾ ਕੀਤਾ ਗਿਆ ਹੈ ,ਜਿਸ ਲਈ ਉਹ ਸਮੂਹ ਮੈਲਬੋਰਨ ਵਾਸੀਆਂ ਦੇ ਧੰਨਵਾਦੀ ਹਨ। ਇਸ ਮੌਕੇ ਅੱਗ ਪੀੜਤਾਂ ਲਈ ਯਤਨਸ਼ੀਲ਼ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਵੀਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਹਾਜ਼ਰ ਸਥਾਨਕ ਸਰਕਾਰਾਂ ਅਤੇ ਛੋਟੇ ਉਦਯੋਗਾਂ ਬਾਰੇ ਮੰਤਰੀ ਐਡਮ ਸਮਯੂਰੇਕ ਅਤੇ ਸੰਸਦ ਮੈਂਬਰ ਕੌਸ਼ਲਿਆ ਵਾਗੇਲਾ ਨੇ ਹਾਜ਼ਰ ਹੋ ਕੇ ਵਿਕਟੋਰੀਅਨ ਭਾਰਤੀ ਭਾਈਚਾਰੇ ਦੀ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।ਪ੍ਰਬੰਧਕਾਂ ਵਲੋਂ ਇਕੱਤਰ ਰਾਸ਼ੀ ਚੈੱਕ ਦੇ ਰੂਪ ਅੱਗ ਬੁਝਾਊ ਮਹਿਕਮੇ ਨੂੰ ਦਿੱਤਾ ਜਾਵੇਗਾ।


Related News