ਇਸਲਾਮਿਕ ਸਟੇਟ ਨਾਲ ਨਜਿੱਠਣ ਲਈ ਆਸਟ੍ਰੇਲੀਆ ਕਰੇਗਾ ਫਿਲਪੀਨਜ਼ ਦੀ ਮਦਦ

10/24/2017 11:36:36 AM

ਫਿਲਪੀਨਜ਼/ਸਿਡਨੀ (ਵਾਰਤਾ)— ਫਿਲਪੀਨਜ਼ ਵਿਚ ਕੌਮਾਂਤਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪ੍ਰਸਾਰ ਨੂੰ ਰੋਕਣ ਲਈ ਆਸਟ੍ਰੇਲੀਆ ਨੇ ਫਿਲਪੀਨਜ਼ ਫੌਜ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਆਸਟ੍ਰੇਲੀਆ ਅੱਤਵਾਦੀਆਂ ਗਤੀਵਿਧੀਆਂ ਨਾਲ ਨਜਿੱਠਣ ਅਤੇ ਫੌਜੀ ਸਾਜੋ-ਸਾਮਾਨ ਮੁਹੱਈਆ ਕਰਾਉਣ ਵਿਚ ਮਦਦ ਕਰੇਗਾ। ਆਸਟ੍ਰੇਲੀਆ ਨੇ ਇਹ ਐਲਾਨ ਕੱਲ ਭਾਵ ਸੋਮਵਾਰ ਨੂੰ ਫਿਲਪੀਨਜ਼ ਦੇ ਮਾਰਾਵੀ ਸ਼ਹਿਰ ਵਿਚ ਫੌਜ ਦੇ ਕੰਟਰੋਲ ਤੋਂ ਬਾਅਦ ਕੀਤਾ ਹੈ, ਜਿਸ 'ਚ ਫੌਜ ਨੇ 154 ਦਿਨਾਂ ਤੱਕ ਚੱਲੀ ਲੰਬੀ ਲੜਾਈ ਤੋਂ ਬਾਅਦ ਆਖਰਕਾਰ ਇਸ ਸ਼ਹਿਰ ਤੋਂ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਿਆ ਹੈ।
ਇਹ ਲੜਾਈ ਫਿਲਪੀਨਜ਼ ਫੌਜ ਲਈ ਇਕ ਸਬਕ ਵਾਂਗ ਹੈ, ਕਿਉਂਕਿ ਫੌਜ ਨੂੰ ਸ਼ਹਿਰੀ ਖੇਤਰਾਂ ਵਿਚ ਅੱਤਵਾਦ ਨਾਲ ਨਜਿੱਠਣ ਦਾ ਜ਼ਿਆਦਾ ਅਨੁਭਵ ਨਹੀਂ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਫੌਜ ਇਸ ਸੰਗਠਨ ਨੂੰ ਹਰਾ ਨਹੀਂ ਸਕੇਗੀ। ਮਾਰਾਵੀ 'ਤੇ ਕਬਜ਼ੇ ਦੀ ਲੜਾਈ ਤੋਂ ਬਾਅਦ ਫੌਜ ਦਾ ਮਨੋਬਲ ਕਾਫੀ ਉੱਚਾ ਹੋਇਆ ਹੈ। ਇਸ ਲੜਾਈ ਵਿਚ 920 ਅੱਤਵਾਦੀ, 165 ਫੌਜੀ ਅਤੇ 45 ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 3 ਲੱਖ ਤੋਂ ਵਧ ਲੋਕ ਬੇਘਰ ਹੋਏ ਹਨ। ਇਸ ਦੌਰਾਨ ਫਿਲਪੀਨਜ਼ ਫੌਜ ਨੂੰ ਆਸਟ੍ਰੇਲੀਆ, ਅਮਰੀਕਾ, ਸਿੰਗਾਪੁਰ ਅਤੇ ਚੀਨ ਨੇ ਹਥਿਆਰਾਂ ਤੋਂ ਇਲਾਵਾ ਤਕਨੀਕੀ ਮਦਦ, ਨਿਗਰਾਨੀ ਯੰਤਰ ਅਤੇ ਹੋਰ ਮਦਦ ਪ੍ਰਦਾਨ ਕੀਤੀ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਮੈਰਿਸੇ ਪਾਯਨੇ ਨੇ ਦੱਸਿਆ ਕਿ ਇਸ ਲੜਾਈ ਨਾਲ  ਸਾਰੇ ਦੇਸ਼ਾਂ ਨੂੰ ਸਬਕ ਲੈਣਾ ਚਾਹੀਦਾ। ਆਸਟ੍ਰੇਲੀਆ ਦੇ ਲਗਭਗ 80 ਫੌਜੀ ਫਿਲਪੀਨਜ਼ ਜਾ ਕੇ ਫੌਜ ਅਤੇ ਜਲ ਸੈਨਾ ਨੂੰ ਅੱਤਵਾਦ ਨਾਲ ਨਜਿੱਠਣ ਦੇ ਗੁਰ ਸਿਖਾਉਣਗੇ। ਮੈਰਿਸ ਨੇ ਦੱਸਿਆ ਕਿ ਇਸਲਾਮਿਕ ਸਟੇਟ ਦਾ ਪ੍ਰਸਾਰ ਆਸਟ੍ਰੇਲੀਆ ਅਤੇ ਉਸ ਦੇ ਹਿੱਤਾਂ ਲਈ ਖਤਰਾ ਹੈ ਅਤੇ ਉਹ ਆਪਣੇ ਸਹਿਯੋਗੀ ਦੇਸ਼ਾਂ ਨਾਲ ਕੰਮ ਕਰਨ ਨੂੰ ਲੈ ਕੇ ਵਚਨਬੱਧ ਹਨ, ਤਾਂ ਕਿ ਇਸਲਾਮਿਕ ਸਟੇਟ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।


Related News