ਆਸਟ੍ਰੇਲੀਆ : ਮੰਦਰਾਂ ਦੇ ਬਾਅਦ ਭਾਰਤੀਆਂ 'ਤੇ ਹਮਲੇ ਦੀ ਧਮਕੀ, ਭਾਰਤੀ ਦੂਤਘਰ ਥੋੜ੍ਹੇ ਸਮੇਂ ਲਈ ਬੰਦ

Wednesday, Mar 15, 2023 - 04:33 PM (IST)

ਆਸਟ੍ਰੇਲੀਆ : ਮੰਦਰਾਂ ਦੇ ਬਾਅਦ ਭਾਰਤੀਆਂ 'ਤੇ ਹਮਲੇ ਦੀ ਧਮਕੀ, ਭਾਰਤੀ ਦੂਤਘਰ ਥੋੜ੍ਹੇ ਸਮੇਂ ਲਈ ਬੰਦ

ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦੇ ਵਿਚਕਾਰ ਭਾਰਤੀ ਹਾਈ ਕਮਿਸ਼ਨਰ ਸਮੇਤ ਕਈ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੱਲੋਂ ਦੇਸ਼ ਵਿੱਚ ਭਾਰਤ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਭਰੋਸੇ ਤੋਂ ਕੁਝ ਦਿਨ ਬਾਅਦ ਖਾਲਿਸਤਾਨੀ ਸਮਰਥਕਾਂ ਵੱਲੋਂ ਹਿੰਦੂਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮਗਰੋਂ ਬ੍ਰਿਸਬੇਨ ਵਿੱਚ ਭਾਰਤੀ ਦੂਤਘਰ ਨੂੰ ਅੱਜ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਦਿ ਆਸਟ੍ਰੇਲੀਆ ਟੂਡੇ ਦੇ ਅਨੁਸਾਰ ਬ੍ਰਿਸਬੇਨ ਦੇ ਤਰਿੰਗਾ ਉਪਨਗਰ ਵਿੱਚ ਸਵਾਨ ਰੋਡ 'ਤੇ ਸਥਿਤ ਕੌਂਸਲੇਟ ਵਿੱਚ ਹਿੰਦੂਆਂ ਨੂੰ 'ਸਰਬੋਤਮਵਾਦੀ' ਕਹਿਣ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕੁਈਨਜ਼ਲੈਂਡ ਪੁਲਸ ਨੇ ਕਿਹਾ ਕਿ ਇਹ ਇੱਕ ਅਣਅਧਿਕਾਰਤ ਇਕੱਠ ਸੀ। ਹਿੰਦੂ ਹਿਊਮਨ ਰਾਈਟਸ ਦੀ ਡਾਇਰੈਕਟਰ ਸਾਰਾਹ ਐਲ. ਗੇਟਸ ਨੇ ਦਿ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਕਿ "ਸਿੱਖਸ ਫਾਰ ਜਸਟਿਸ ਵੱਲੋਂ ਉਨ੍ਹਾਂ ਨੂੰ ਆਪਣੇ ਪ੍ਰਚਾਰ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਕਾਰਨ ਅੱਜ ਭਾਰਤੀ ਕੌਂਸਲੇਟ ਨੂੰ ਬੰਦ ਕਰ ਦਿੱਤਾ ਗਿਆ।" ਗੇਟਸ ਨੇ ਕਿਹਾ ਕਿ "ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਭਾਰੀ ਪੁਲਸ ਦੀ ਮੌਜੂਦਗੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ, ਜਾਣੋ ਕੀ ਹੈ ਵਜ੍ਹਾ (ਵੀਡੀਓ)

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਆਸਟ੍ਰੇਲੀਆ ਦੌਰੇ ਤੋਂ ਕੁਝ ਦਿਨ ਬਾਅਦ ਬ੍ਰਿਸਬੇਨ ਸਥਿਤ ਭਾਰਤੀ ਦੂਤਘਰ 'ਤੇ ਖਾਲਿਸਤਾਨੀ ਝੰਡੇ ਲੱਗੇ ਪਾਏ ਗਏ ਸਨ। 2023 ਦੀ ਸ਼ੁਰੂਆਤ ਤੋਂ ਆਸਟ੍ਰੇਲੀਆ ਵਿੱਚ ਹਿੰਦੂ ਮੰਦਰਾਂ ਵਿੱਚ ਭਾਰਤ ਵਿਰੋਧੀ ਨਾਅਰਿਆਂ ਨਾਲ ਖਾਲਿਸਤਾਨੀ ਤੱਤਾਂ ਦੁਆਰਾ ਭੰਨਤੋੜ ਦੇ ਹਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ। ਆਸਟ੍ਰੇਲੀਆ ਵਿਚ ਭਾਰਤੀਆਂ ਨੇ ਕਿਹਾ ਕਿ ਉਹ "ਖਾਲਿਸਤਾਨ ਸਮਰਥਕਾਂ ਦੁਆਰਾ ਸ਼ਾਂਤਮਈ ਹਿੰਦੂ ਭਾਈਚਾਰੇ ਪ੍ਰਤੀ ਧਾਰਮਿਕ ਨਫ਼ਰਤ ਦੇ ਸਪੱਸ਼ਟ ਪ੍ਰਦਰਸ਼ਨ ਤੋਂ ਡਰੇ ਅਤੇ ਨਿਰਾਸ਼" ਹਨ। 

ਖਾਲਿਸਤਾਨੀ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਨਵਾਂ ਵੀਡੀਓ ਜਾਰੀ ਕਰਕੇ ਕਈ ਲੋਕਾਂ ਨੂੰ ਧਮਕੀ ਦਿੱਤੀ ਹੈ। ਉਸ ਨੇ ਵੱਖਵਾਦੀਆਂ ਨੂੰ ਵੀ ਭੜਕਾਇਆ ਹੈ। ਜਾਣਕਾਰੀ ਅਨੁਸਾਰ ਪੰਨੂ ਵੱਲੋਂ ਜਾਰੀ ਵੀਡੀਓ ਵਿੱਚ ਕੈਨਬਰਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ, ਬ੍ਰਿਸਬੇਨ ਵਿੱਚ ਕੌਂਸਲ ਜਨਰਲ (ਆਨਰੇਰੀ ਕੌਂਸਲ ਜਨਰਲ) ਅਰਚਨਾ ਸਿੰਘ ਨੂੰ ਧਮਕੀ ਦਿੱਤੀ ਗਈ ਹੈ। ਇੰਨਾ ਹੀ ਨਹੀਂ SFJ ਨੇ ਆਸਟ੍ਰੇਲੀਆ ਟੂਡੇ ਦੇ ਪੱਤਰਕਾਰਾਂ ਨੂੰ ਵੀ ਧਮਕੀ ਦਿੱਤੀ ਹੈ। ਆਸਟ੍ਰੇਲੀਆ ਟੂਡੇ ਦੇ ਪੱਤਰਕਾਰਾਂ ਜੀਤਾਰਥ ਜੈ ਭਾਰਦਵਾਜ, ਅਮਿਤ ਸਰਵਾਲ, ਪੱਲਵੀ ਜੈਨ ਨੂੰ ਧਮਕੀਆਂ ਮਿਲੀਆਂ ਹਨ। ਹਾਲਾਂਕਿ ਭਾਰਤੀ ਹਾਈ ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਖਤਰੇ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਅਨ ਸੁਰੱਖਿਆ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News