ਆਸਟ੍ਰੇਲੀਆ : ਕਿਸਾਨਾਂ ਦੇ ਹੱਕ 'ਚ ਸਿਡਨੀ ਵਿਖੇ ਇਕੱਠੇ ਹੋਣਗੇ ਪੰਜਾਬੀ
Saturday, Feb 20, 2021 - 04:32 PM (IST)
ਸਿਡਨੀ- ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰਨ ਲਈ ਆਸਟ੍ਰੇਲੀਆ ਵਿਚ ਪੰਜਾਬੀ 21 ਫਰਵਰੀ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਦੋ ਹਜ਼ਾਰ ਪੰਜਾਬੀ ਇਕੱਠੇ ਹੋ ਸਕਦੇ ਹਨ ਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨਗੇ।
21 ਫਰਵਰੀ ਨੂੰ ਸਿਡਨੀ ਦੇ ਸ਼ੋਅ ਗ੍ਰਾਉਂਡ ਬਲੈਕਟੌਨ ਵਿਖੇ ਕਿਸਾਨਾਂ ਦੀ ਹਿਮਾਇਤ ਵਿਚ ਪ੍ਰਦਰਸ਼ਨ ਦੌਰਾਨ ਗਾਇਕ ਕੰਵਰ ਗਰੇਵਾਲ ਸਣੇ ਕੁਝ ਕਿਸਾਨ ਆਗੂ ਵੀ ਆਨਲਾਈਨ ਸ਼ਿਰਕਤ ਕਰਨਗੇ। ਦੱਸ ਦਈਏ ਕਿ ਵਿਦੇਸ਼ਾਂ ਵਿਚ ਵੀ ਕਿਸਾਨ ਅੰਦੋਲਨ ਨੂੰ ਕਾਫੀ ਹਿਮਾਇਤ ਮਿਲ ਰਹੀ ਹੈ।
ਗੌਰਤਲਬ ਹੈ ਕਿ ਦਿੱਲੀ ਵਿਚ ਕਿਸਾਨੀ ਅੰਦੋਲਨ ਲਗਭਗ 3 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਇਹ ਬੇਸਿੱਟਾ ਰਹੀ ਹੈ। ਹਾਲਾਂਕਿ, ਸਰਕਾਰ ਨੇ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ। ਉੱਥੇ ਹੀ, ਪਿਛਲੇ ਦਿਨ ਖੇਤੀਬਾੜੀ ਮੰਤਰੀ ਨੇ ਰਾਜ ਸਭਾ ਵਿਚ ਵਿਰੋਧੀ ਧਿਰਾਂ ਨੂੰ ਇਹ ਵੀ ਸਵਾਲ ਕੀਤਾ ਕਿ ਖੇਤੀ ਕਾਨੂੰਨਾਂ ਵਿਚ ਕਾਲਾ ਕੀ ਹੈ।
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐੱਮ. ਐੱਸ. ਪੀ. ਵਾਲੀਆਂ ਫ਼ਸਲਾਂ ਦੀ ਖ਼ਰੀਦ ਵਾਲੀ ਪ੍ਰਣਾਲੀ ਜਾਰੀ ਰੱਖਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਭੜਕਾਇਆ ਜਾ ਰਿਹਾ ਹੈ। ਤੋਮਰ ਨੇ ਕਿਹਾ ਕਿ ਸਰਕਾਰ ਸੋਧਾਂ ਲਈ ਵੀ ਤਿਆਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਨੂੰਨਾਂ ਵਿਚ ਕੋਈ ਖਾਮੀ ਹੈ।