ਸਿਡਨੀ ਹਵਾਈ ਅੱਡੇ 'ਤੇ ਲੱਗੀ ਅੱਗ, ਸਾਰੀਆਂ ਉਡਾਣਾਂ ਰੱਦ
Friday, Mar 29, 2019 - 09:40 AM (IST)

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਸਿਡਨੀ ਹਵਾਈ ਅੱਡੇ ਵਿਚ ਅੱਗ ਲੱਗਣ ਕਾਰਨ ਸ਼ੁੱਕਰਵਾਰ ਨੂੰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਧਰ ਹਵਾਈ ਅੱਡੇ 'ਤੇ ਮੌਜੂਦ ਸਾਰੇ ਜਹਾਜ਼ਾਂ ਨੂੰ ਬਾਹਰ ਕੱਢ ਲਿਆ ਗਿਆ। 'ਦੀ ਏਅਰਸਰਵਿਸਿਜ਼ ਆਸਟ੍ਰੇਲੀਆ' ਨੇ ਟਵਿੱਟਰ 'ਤੇ ਲਿਖਿਆ,''ਹਵਾਈ ਅੱਡੇ ਵਿਚ ਧੂੰਆਂ ਦਿੱਸਣ ਦੇ ਬਾਅਦ ਸਿਡਨੀ ਏਅਰ ਟ੍ਰੈਫਿਕ ਕੰਟਰੋਲ ਟਾਵਰ ਨੂੰ ਖਾਲੀ ਕਰ ਦਿੱਤਾ ਗਿਆ। ਇਸ ਸਮੇਂ ਹਵਾਈ ਅੱਡੇ 'ਤੇ ਕਿਸੇ ਵੀ ਜਹਾਜ਼ ਦੇ ਉਤਰਨ ਜਾਂ ਉਡਾਣ ਭਰਾਨ 'ਤੇ ਰੋਕ ਲਗਾ ਦਿੱਤੀ ਗਈ ਹੈ।
ਫਾਇਰਫਾਈਟਰਜ਼ਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਦੋ ਅੱਗ ਬੁਝਾਊ ਗੱਡੀਆਂ ਅਤੇ ਨਿਊ ਸਾਊਥ ਵੇਲਜ਼ ਦੀ ਬਚਾਮ ਟੀਮ ਹਵਾਈ ਅੱਡੇ 'ਤੇ ਪਹੁੰਚੀ। ਉਨ੍ਹਾਂ ਨੇ ਸਾਵਧਾਨੀ ਦੇ ਤੌਰ 'ਤੇ ਲੱਗਭਗ 20 ਲੋਕਾਂ ਨੂੰ ਇਮਾਰਤ ਵਿਚੋਂ ਬਾਹਰ ਕੱਢਿਆ। ਮੌਕੇ 'ਤੇ ਪਹੁੰਚੀ ਟੀਮ ਨੇ ਟਾਵਰ ਦੀ ਤਲਾਸ਼ੀ ਲਈ। ਫਿਰ ਉਨ੍ਹਾਂ ਨੇ ਧੂੰਏਂ ਦੇ ਕਾਰਨ ਦਾ ਪਤਾ ਲਗਾਉਣ ਲਈ ਥਰਮਲ ਇਮੇਜਿੰਗ ਕੈਮਰਿਆਂ ਦੀ ਵਰਤੋਂ ਕੀਤੀ ਅਤੇ ਪਾਇਆ ਕਿ ਧੂੰਆਂ ਟਾਵਰ ਦੇ ਕੰਪਿਊਟਰਾਂ ਲਈ ਰੱਖੇ ਬੈਟਰੀ ਬੈਕਅੱਪ ਸਿਸਟਮ ਤੋਂ ਆਇਆ ਸੀ, ਜੋ ਬਹੁਤ ਗਰਮ ਹੋ ਗਿਆ ਸੀ। ਟੀਮ ਨੇ ਬੈਟਰੀ ਸਿਸਟਮ ਨੂੰ ਹਟਾ ਦਿੱਤਾ ਅਤੇ ਬਾਹਰ ਲੈ ਗਏ।