ਤਾਲਿਬਾਨ ਤੋਂ ਖ਼ਤਰੇ ਵਾਲੇ ਅਫਗਾਨ ਨਾਗਰਿਕਾਂ ਨੂੰ ਤੇਜ਼ੀ ਨਾਲ ਬਾਹਰ ਕੱਢ ਰਿਹੈ ਆਸਟ੍ਰੇਲੀਆ
Friday, Aug 13, 2021 - 05:28 PM (IST)
ਕੈਨਬਰਾ (ਭਾਸ਼ਾ)- ਤਾਲਿਬਾਨ ਅਤੱਵਾਦੀਆਂ ਵੱਲੋਂ ਅਫਗਾਨਿਸਤਾਨ ਦੇ ਖੇਤਰਾਂ ਉੱਤੇ ਤੇਜ਼ੀ ਨਾਲ ਕਬਜ਼ਾ ਕਰਨ ਦਰਮਿਆਨ ਆਸਟਰੇਲੀਆ ਅਜਿਹੇ ਅਫਗਾਨ ਨਾਗਰਿਕਾਂ ਨੂੰ ਅਮਰੀਕੀ ਸਹਾਇਤਾ ਨਾਲ ਤੇਜ਼ੀ ਨਾਲ ਬਾਹਰ ਕੱਢ ਰਿਹਾ ਹੈ, ਜਿਨ੍ਹਾਂ ਨੇ ਆਸਟਰੇਲੀਆਈ ਫ਼ੌਜ ਅਤੇ ਡਿਪਲੋਮੈਟਾ ਦੀ ਸਹਾਇਤਾ ਕੀਤੀ ਸੀ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ ਨੇ ਮਈ ਵਿਚ ਆਪਣਾ ਕਾਬੁਲ ਸਥਿਤ ਦੂਤਘਰ ਬੰਦ ਕਰ ਦਿੱਤਾ ਅਤੇ ਜੂਨ ਵਿਚ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ, ਕਿਉਂਕਿ ਅਮਰੀਕਾ ਅਤੇ ਨਾਟੋ ਦੀਆਂ ਫ਼ੌਜਾਂ 20 ਸਾਲਾਂ ਦੀ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਪਿੱਛੇ ਹੱਟ ਰਹੀਆਂ ਹਨ।
ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੇ ਅਪ੍ਰੈਲ ਤੋਂ 400 ਅਫਗਾਨ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਕੀਤਾ ਹੈ, ਜਿਨ੍ਹਾਂ ਨੂੰ ਆਸਟ੍ਰੇਲੀਆ ਦੇ ਨਾਲ ਕੰਮ ਕਰਨ ਦੇ ਲਈ ਤਾਲਿਬਾਨ ਤੋਂ ਖ਼ਤਰਾ ਹੋ ਸਕਦਾ ਹੈ। ਮੌਰੀਸਨ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਹੋਰ ਅਫਗਾਨ ਨਾਗਰਿਕਾਂ ਦਾ ਆਸਟ੍ਰੇਲੀਆ ਵਿਚ ਮੁੜ ਵਸੇਬਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਪਿਛਲੇ ਕੁਝ ਮਹੀਨਿਆਂ ਵਿਚ ਇਸ ਉੱਤੇ ਬਹੁਤ ਸਾਰਾ ਕੰਮ ਕੀਤਾ ਹੈ। ਅਸੀਂ ਕੰਮ ਕਰਦੇ ਰਹਾਂਗੇ। ਅਸੀਂ ਅਮਰੀਕਾ ਅਤੇ ਇਸ ਖੇਤਰ ਵਿਚ ਮੌਜੂਦ ਹੋਰਨਾਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ।' ਤਾਲਿਬਾਨ ਨੇ ਵੀਰਵਾਰ ਨੂੰ ਦੇਸ਼ ਦੇ 2 ਵੱਡੇ ਸ਼ਹਿਰਾਂ ਅਤੇ ਰਣਨੀਤਕ ਰੂਪ ਤੋਂ ਮਹੱਤਵਪੂਰਨ ਸੂਬੇ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ। ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁੱਝ ਹਫ਼ਤਿਆਂ ਦੇ ਅੰਦਰ ਹੀ ਉਸ ਨੇ ਅਫਗਾਨਿਸਤਾਨ ਵਿਚ ਵੱਡੇ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ।