ਅਲਬਾਨੀਜ਼ ਨੇ 'ਨਾਗਰਿਕਤਾ' ਹਾਸਲ ਕਰਨ ਦੇ ਚਾਹਵਾਨ ਨਿਊਜ਼ੀਲੈਂਡ ਦੇ ਲੋਕਾਂ ਲਈ ਕੀਤਾ ਵੱਡਾ ਐਲਾਨ
Sunday, Apr 23, 2023 - 11:59 AM (IST)

ਸਿਡਨੀ- ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਆਸਟ੍ਰੇਲੀਆ ਦੌਰੇ 'ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਿਊਜ਼ੀਲੈਂਡਰ ਲਈ ਇਕ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੇ ਬਦਲਾਅ ਦੇ ਤਹਿਤ ਇੱਥੇ ਰਹਿ ਰਹੇ ਨਿਊਜ਼ੀਲੈਂਡਰ ਛੇਤੀ ਹੀ ਸਥਾਈ ਨਿਵਾਸੀ ਹੋਣ ਤੋਂ ਬਿਨਾਂ ਨਾਗਰਿਕਤਾ ਲਈ ਅਰਜ਼ੀ ਦੇ ਸਕਣਗੇ। ਅਲਬਾਨੀਜ਼ ਨੇ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੇ ਨਾਗਰਿਕਾਂ ਲਈ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਦਾ ਸਿੱਧਾ ਰਸਤਾ 1 ਜੁਲਾਈ ਤੋਂ ਲਾਗੂ ਹੋ ਜਾਵੇਗਾ।
ਅਲਬਾਨੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਲੋਕਾਂ ਲਈ ਇੱਕ ਨਿਰਪੱਖ ਬਦਲਾਅ ਹੈ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਆਸਟ੍ਰੇਲੀਅਨਾਂ ਦੇ ਬਰਾਬਰ ਲਿਆਉਂਦਾ ਹੈ,"। ਅਲਬਾਨੀਜ਼ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਮੈਨੂੰ ਨਾਗਰਿਕਤਾ ਪ੍ਰਦਾਨ ਕਰਨ ਵਾਲੇ ਲਾਭਾਂ ਦੀ ਪੇਸ਼ਕਸ਼ ਕਰਨ 'ਤੇ ਮਾਣ ਹੈ। ਉੱਧਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਰੂਪ ਵਿੱਚ ਬਦਲਾਅ ਦਾ ਸਵਾਗਤ ਕੀਤਾ ਹੈ। ਹਿਪਕਿਨਜ਼ ਨੇ ਕਿਹਾ ਕਿ ਇਹ "ਇੱਕ ਪੀੜ੍ਹੀ ਵਿੱਚ ਆਸਟ੍ਰੇਲੀਆ ਵਿੱਚ ਰਹਿ ਰਹੇ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਅਧਿਕਾਰਾਂ ਵਿੱਚ ਸਭ ਤੋਂ ਵੱਡਾ ਸੁਧਾਰ ਹੈ।" ਇਹ "ਆਸਟ੍ਰੇਲੀਆ ਵਿੱਚ ਕੀਵੀਆਂ ਦੇ ਅਧਿਕਾਰਾਂ ਨੂੰ ਵੀ ਬਹਾਲ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਕਸਫੋਰਡ ਨੇ ਮਲਾਲਾ ਯੂਸਫਜ਼ਈ ਨੂੰ 'Honorary Fellowship' ਨਾਲ ਕੀਤਾ ਸਨਮਾਨਿਤ, ਪਿਓ ਨੇ ਵੀ ਕੀਤੀ ਤਾਰੀਫ਼
ਹਿਪਕਿਨਜ਼ ਨੇ ਕਿਹਾ ਕਿ ਇਹ ਘੋਸ਼ਣਾ ਜਾਣਬੁੱਝ ਕੇ 25 ਅਪ੍ਰੈਲ ਨੂੰ ANZAC ਦਿਵਸ ਨੇੜੇ ਕੀਤੀ ਗਈ, ਜੋ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਆਰਮੀ ਕੋਰ ਦੀ ਪਹਿਲੀ ਫੌਜੀ ਕਾਰਵਾਈ ਦੀ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਇਹ ਇਤਿਹਾਸਕ ਤਬਦੀਲੀ 2001 ਵਿੱਚ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਵਾਸੀਆਂ ਲਈ ਨਾਗਰਿਕਤਾ ਪ੍ਰਾਪਤ ਕਰਨ ਲਈ ਕਾਨੂੰਨ ਬਣਨ ਤੋਂ ਬਾਅਦ ਆਈ ਹੈ। 2001 ਵਿੱਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦੇ ਲੋਕਾਂ ਲਈ ਲੰਬੀ ਉਡੀਕ ਵਾਲਾ ਵਿਸ਼ੇਸ਼ ਸ਼੍ਰੇਣੀ ਦਾ ਵੀਜ਼ਾ ਲਾਗੂ ਕੀਤਾ ਸੀ, ਜਿਸ ਨੇ ਸਿਹਤ ਅਤੇ ਭਲਾਈ ਤੱਕ ਉਹਨਾਂ ਦੀ ਪਹੁੰਚ ਸੀਮਤ ਕਰ ਿਦੱਤੀ ਅਤੇ ਉਹਨਾਂ ਨੂੰ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਮਜਬੂਰ ਕੀਤਾ ਗਿਆ। ਨਜ਼ਦੀਕੀ ਸਹਿਯੋਗੀ ਹੋਣ ਦੇ ਬਾਵਜੂਦ, ਆਸਟ੍ਰੇਲੀਆ ਦੇ 2001 ਦੇ ਵੀਜ਼ਾ ਪਾਬੰਦੀਆਂ ਕਾਰਨ ਸਬੰਧਾਂ ਵਿੱਚ ਖਟਾਸ ਆ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।