ਆਸਟਰੇਲੀਆ ''ਚ ਵਸਦੇ ਭਾਈਚਾਰੇ ਨੂੰ ਹਲੂਣਾ ਦੇ ਗਿਆ ''ਜਿਤੁ ਜੰਮਹਿ ਰਾਜਾਨ''

Monday, Oct 07, 2019 - 08:23 AM (IST)

ਮੈਲਬੋਰਨ, (ਮਨਦੀਪ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਮੈਲਬੋਰਨ ਦੇ ਪੱਛਮ 'ਚ ਅੱਜ ਸਥਾਨਕ ਸੰਸਥਾ 'ਵਾਇਸ ਆਫ ਵਿਕਟੋਰੀਆ' ਵਲੋਂ ਸਿੱਖ ਫੋਰਮ ਆਸਟਰੇਲੀਆ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਬੀਆਂ ਲਈ ਇਕ ਵਿਸ਼ੇਸ਼ ਸਮਾਗਮ 'ਜਿਤੁ ਜੰਮਹਿ ਰਾਜਾਨ' ਕਰਵਾਇਆ ਗਿਆ। ਇਸ ਸਮਾਗਮ 'ਚ ਗੁਰੂ ਨਾਨਕ ਸਾਹਿਬ ਦੀਆਂ ਔਰਤਾਂ ਪ੍ਰਤੀ ਸਿੱਖਿਆਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਮਾਗਮ ਦੇ ਮੁੱਖ ਬੁਲਾਰੇ ਬੀਬੀ ਜਤਿੰਦਰ ਕੌਰ ਅਤੇ ਬੀਬੀ ਐਲਕਸ ਕੌਰ ਭੱਠਲ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਬੀਬੀਆਂ ਵਲੋਂ ਨਾ ਸਿਰਫ ਸਿੱਖ ਸਮਾਜ ਸਗੋਂ ਕੁੱਲ ਬਹੁਕੌਮੀ ਸਮਾਜ 'ਚ ਸਿੱਖ ਬੀਬੀਆਂ ਵਲੋਂ ਨਿਭਾਏ ਜਾ ਰਹੇ ਰੋਲ 'ਤੇ ਆਪਣੇ ਵਿਚਾਰ ਰੱਖੇ।

ਇਸ ਮੌਕੇ ਸਿੱਖ ਇਤਿਹਾਸ 'ਚ ਜਿਨ੍ਹਾਂ ਬੀਬੀਆਂ ਨੇ ਅਹਿਮ ਰੋਲ ਨਿਭਾਏ, ਉਨ੍ਹਾਂ ਬਾਰੇ ਵੀ ਇਕ ਇਲੈਕਟ੍ਰੋਨਿਕ ਪ੍ਰਦਰਸ਼ਨੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ। ਸਮਾਗਮ 'ਚ ਸਿੱਖ ਭਾਈਚਾਰੇ ਦੇ ਨਾਲ-ਨਾਲ ਆਸਟਰੇਲੀਆ 'ਚ ਵੱਸਦੇ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕਰ ਕੇ ਸਿੱਖ ਧਰਮ ਦੀਆਂ ਸਿੱਖਿਆਵਾਂ ਪ੍ਰਤੀ ਜਾਣਕਾਰੀ ਪ੍ਰਾਪਤ ਕੀਤੀ। ਸਮਾਗਮ ਦੇ ਅੰਤ 'ਚ ਵੱਖ-ਵੱਖ ਵਰਗਾਂ 'ਚ ਜਿਨ੍ਹਾਂ ਬੀਬੀਆਂ ਨੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਸਨ, ਨੂੰ ਸੰਸਥਾਵਾਂ ਵਲੋਂ ਸਾਂਝੇ ਰੂਪ 'ਚ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੀ ਸਮਾਪਤੀ ਦੇ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੇ ਜ਼ਿਕਰ ਕੀਤਾ ਕਿ ਇਸ ਸਮਾਗਮ ਨੇ ਉਨ੍ਹਾਂ ਨੂੰ ਆਪਣੇ ਵਿਰਸੇ ਪ੍ਰਤੀ ਇਕ ਨਵਾਂ ਹਲੂਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਕਟੋਰੀਆ ਸੂਬੇ ਦੇ ਸਰਕਾਰ ਵਲੋਂ ਸਿੱਖ ਭਾਈਚਾਰੇ ਨੂੰ ਵਿਸ਼ੇਸ਼ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵੱਖ-ਵੱਖ ਪ੍ਰੋਗਰਾਮ ਉਲੀਕ ਰਹੇ ਹਨ।


Related News