ਰਾਸ਼ਟਰਪਤੀ ਟਰੰਪ ਨੂੰ ਮਿਲੇ ਆਸਟ੍ਰੇਲੀਆਈ ਪੀ. ਐੱਮ. ਸਕੌਟ ਮੌਰੀਸਨ
Saturday, Sep 21, 2019 - 12:52 PM (IST)

ਸਿਡਨੀ— ਆਸਟ੍ਰੇਲੀਆ ਦੇ ਪੀ. ਐੱਮ. ਸਕੌਟ ਮੌਰੀਸਨ ਅਮਰੀਕਾ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਸਕੌਟ ਮੌਰੀਸਨ ਆਪਣੀ ਪਤਨੀ ਨਾਲ 19 ਤੋਂ 27 ਸਤੰਬਰ ਤਕ ਅਮਰੀਕਾ ਦੌਰੇ 'ਤੇ ਹਨ। ਵ੍ਹਾਈਟ ਹਾਊਸ 'ਚ ਮੌਰੀਸਨ ਦੇ ਸਵਾਗਤ 'ਚ ਮਿਲਟਰੀ ਬੈਂਡ ਵਜਾਇਆ ਗਿਆ ਤੇ ਉਨ੍ਹਾਂ ਨੂੰ 19 ਬੰਦੂਕਾਂ ਨਾਲ ਸਲਾਮੀ ਦਿੱਤੀ ਗਈ। ਸਕੌਟ ਮੌਰੀਸਨ ਦੁਨੀਆ ਦੇ ਦੂਜੇ ਲੀਡਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਵਲੋਂ 'ਸਟੇਟ ਡਿਨਰ' ਦਾ ਸੱਦਾ ਦਿੱਤਾ ਗਿਆ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੂੰ ਇਹ ਮੌਕਾ ਮਿਲਿਆ ਸੀ।
ਟਰੰਪ ਤੇ ਮੌਰੀਸਨ ਨੇ ਅਮਰੀਕਾ ਤੇ ਆਸਟ੍ਰੇਲੀਆ ਦੇ ਦਹਾਕਿਆਂ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਓਸਾਕਾ 'ਚ ਜੀ-20 ਸੰਮੇਲਨ 'ਚ ਜੂਨ ਮਹੀਨੇ ਇਨ੍ਹਾਂ ਨੇਤਾਵਾਂ ਦੀ ਮੁਲਾਕਾਤ ਹੋਈ ਸੀ। ਟਰੰਪ ਨੇ ਸਕੌਟ ਮੌਰੀਸਨ ਦੀ ਸਿਫਤ ਕਰਦਿਆਂ ਕਿਹਾ,''ਮੈਨੂੰ ਸਕੌਟ ਮੌਰੀਸਨ ਦੀ ਚੋਣਾਂ 'ਚ ਜਿੱਤ 'ਤੇ ਪਹਿਲਾਂ ਹੀ ਵਿਸ਼ਵਾਸ ਸੀ ਤੇ ਇਸ ਕਾਰਨ ਮੈਨੂੰ ਹੈਰਾਨੀ ਨਹੀਂ ਹੋਈ, ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਕਾਰਨ ਹੈਰਾਨੀ ਹੋਈ ਸੀ। ਮੈਂ ਉਨ੍ਹਾਂ ਦੇ ਕੰਮ ਤੋਂ ਵਾਕਫ ਹਾਂ।'' ਜ਼ਿਕਰਯੋਗ ਹੈ ਕਿ ਮਈ 'ਚ ਹੋਈਆਂ ਆਮ ਚੋਣਾਂ 'ਚ ਸਕੌਟ ਮੌਰੀਸਨ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਤੇ ਮੁੜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ। ਜ਼ਿਕਰਯੋਗ ਹੈ ਕਿ ਸਕੌਟ ਮੌਰੀਸਨ ਐਤਵਾਰ ਨੂੰ ਓਹੀਓ ਦਾ ਦੌਰਾ ਕਰਨਗੇ।