ਆਸਟਰੇਲੀਆ ''ਚ ਕੰਗਾਰੂ ਨਾਲ ਕੀਤਾ ਗਿਆ ਅਣਮਨੁੱਖੀ ਵਤੀਰਾ, ਦੇਖ ਕੇ ਭੜਕੇ ਲੋਕ

06/28/2017 11:22:57 AM

ਸਿਡਨੀ— ਆਸਟਰੇਲੀਆ 'ਚ ਬੁੱਧਵਾਰ ਨੂੰ ਇਕ ਕੰਗਾਰੂ ਨੂੰ ਗੋਲੀ ਮਾਰਨ ਦੀ ਘਟਨਾ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਤੇਂਦੁਏ ਦੀ ਛਾਪ ਵਾਲੀ ਪੋਸ਼ਾਕ ਪਹਿਨੇ ਇਸ ਕੰਗਾਰੂ ਨੂੰ ਆਸਟਰੇਲੀਆ 'ਚ ਸੜਕ ਕਿਨਾਰੇ ਇਕ ਕੁਰਸੀ ਨਾਲ ਬੰਨ੍ਹਿਆ ਗਿਆ ਸੀ ਅਤੇ ਉਸ ਦੇ ਬੇਜ਼ਾਨ ਹੱਥਾਂ 'ਚ ਸ਼ਰਾਬ ਦੀ ਇਕ ਬੋਤਲ ਫੜਾਈ ਹੋਈ ਸੀ। ਇਹ ਹੈਰਾਨ ਕਰਨ ਦੇਣ ਵਾਲਾ ਦ੍ਰਿਸ਼ ਪੂਰਬੀ-ਉੱਤਰੀ ਮੈਲਬੌਰਨ 'ਚ ਕਿਸੇ ਰਾਹਗੀਰ ਨੇ ਦੇਖਿਆ। 
ਵਿਕਟੋਰੀਆ ਸੂਬੇ ਦੇ ਵਾਤਾਵਰਣ, ਭੂਮੀ, ਜਲ ਅਤੇ ਯੋਜਨਾ ਵਿਭਾਗ ਦੇ ਸੀਨੀਅਰ ਜਾਂਚਕਰਤਾ ਮਾਈਕ ਸਵੇਨਰਸ ਨੇ ਕਿਹਾ, ''ਕੁਰਸੀ ਨਾਲ ਬੰਨ੍ਹਣ ਤੋਂ ਪਹਿਲਾਂ ਇਸ ਕੰਗਾਰੂ ਨੂੰ 3 ਵਾਰ ਗੋਲੀ ਮਾਰੀ ਗਈ।'' ਸਵੇਨਰਸ ਨੇ ਕਿਹਾ, ''ਇਹ ਭਿਆਨਕ ਅਤੇ ਅਣਮਨੁੱਖੀ ਵਤੀਰਾ ਹੈ।'' ਉਨ੍ਹਾਂ ਨੇ ਕਿਹਾ ਕਿ ਸੜਕ ਕਿਨਾਰੇ ਕੰਗਾਰੂ ਨੂੰ ਅਜਿਹੀ ਹਾਲਤ 'ਚ ਰੱਖਣ ਲਈ ਕੁਝ ਸਮਾਂ ਤਾਂ ਜ਼ਰੂਰ ਲੱਗਾ ਹੋਵੇਗਾ ਅਤੇ ਇਸ ਮੁੱਖ ਮਾਰਗ 'ਤੇ ਆਵਾਜਾਈ ਅਤੇ ਜਨਤਕ ਖੇਤਰ ਨੂੰ ਦੇਖਦੇ ਹੋਏ ਸਾਨੂੰ ਯਕੀਨ ਹੈ ਕਿ ਕਿਸੇ ਨੇ ਤਾਂ ਇਸ ਘਟਨਾ ਨੂੰ ਜ਼ਰੂਰ ਦੇਖਿਆ ਹੋਵੇਗਾ। 
ਇਸ ਸੰਬੰਧ 'ਚ ਲੋਕਾਂ ਨੂੰ ਸੂਚਨਾ ਸਾਂਝਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਸ ਜੰਗਲੀ ਜੀਵ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਇਕ ਗੰਭੀਰ ਅਪਰਾਧ ਹੈ ਅਤੇ ਇਸ ਲਈ 36,500 ਆਸਟਰੇਲੀਆਈ ਡਾਲਰ ਦਾ ਜ਼ੁਰਮਾਨਾ ਜਾਂ 24 ਮਹੀਨੇ ਦੀ ਜੇਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕੰਗਾਰੂ ਨੂੰ ਕਿਸੇ ਹੋਰ ਥਾਂ ਮਾਰਿਆ ਗਿਆ ਸੀ ਅਤੇ ਫਿਰ ਇਸ ਨੂੰ ਸੜਕ ਕਿਨਾਰੇ ਲਿਆ ਕੇ ਬੰਨ੍ਹ ਦਿੱਤਾ ਗਿਆ।


Related News