ਵੱਡੀ ਖ਼ਬਰ! ਕੌਮਾਂਤਰੀ ਯਾਤਰਾ ਲਈ ਆਸਟ੍ਰੇਲੀਆ ਖੋਲ੍ਹਣ ਜਾ ਰਿਹੈ ਦਰਵਾਜ਼ੇ

Saturday, Nov 07, 2020 - 08:42 AM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆਈ ਸਰਕਾਰ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਗੈਰ-ਆਸਟ੍ਰੇਲੀਆਈ ਨਾਗਰਿਕਾਂ, ਵਸਨੀਕਾਂ ਅਤੇ ਵਿਦੇਸ਼ੀ ਪਾੜ੍ਹਿਆਂ ਨੂੰ ਕੋਰੋਨਾ ਵਾਇਰਸ ਪ੍ਰਕੋਪ ਨੂੰ ਰੋਕਣ ਲਈ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਬੰਦ ਕਰਨ ਦੇ ਲਗਭਗ 8 ਮਹੀਨਿਆਂ ਬਾਅਦ ਮੁੜ ਖੋਲ੍ਹਣ ਦੇ ਸੰਕੇਤ ਦਿੱਤੇ ਹਨ। 

ਉਨ੍ਹਾਂ ਅਨੁਸਾਰ ਕੌਮਾਂਤਰੀ ਸਰਹੱਦਾਂ ‘ਸਥਿਰ ਅਤੇ ਸੁਰੱਖਿਅਤ ਢੰਗ ਨਾਲ' ਦੁਬਾਰਾ ਖੁੱਲ੍ਹਣਗੀਆਂ। ਆਸਟ੍ਰੇਲੀਆ ਘੱਟ ਜ਼ੋਖ਼ਮ ਵਾਲੇ ਦੇਸ਼ਾਂ ਨਾਲ ਯਾਤਰਾ ਪ੍ਰਬੰਧ ਸਥਾਪਿਤ ਕਰੇਗਾ ਅਤੇ ਵਿਦੇਸ਼ੀ ਪਾੜ੍ਹਿਆਂ ਦੀ ਸੁਰੱਖਿਅਤ ਵਾਪਸੀ ਨੂੰ ਵੀ ਪਹਿਲ ਦੇਵੇਗਾ। ਮੰਤਰੀ ਟੱਜ ਨੇ ਦੱਸਿਆ ਕਿ ਸਰਕਾਰ ਵਧੇਰੇ ਲੋਕਾਂ ਦੀ ਵਾਪਸੀ ਤਹਿਤ ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਰਗੇ ਘੱਟ ਜ਼ੋਖ਼ਮ ਵਾਲੇ ਦੇਸ਼ਾਂ ਨਾਲ ਇਕਾਂਤਵਾਸ ਮੁਕਤ ਯਾਤਰਾ (ਕੁਆਰੰਟੀਨ ਤੋਂ ਬਗੈਰ) ਦੇ ਪ੍ਰਬੰਧਾਂ ਦੀ ਸਥਾਪਨਾ ਲਈ ਵੀ ਕੰਮ ਕਰ ਰਹੀ ਹੈ ਅਤੇ ਕੋਰੋਨਾ ਉੱਚ ਜ਼ੋਖ਼ਮ ਵਾਲੇ ਮੁਲਕਾਂ ਲਈ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਸੰਭਾਵਤ ਭਵਿੱਖ ਲਈ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ- USA ਚੋਣਾਂ : ਟਰੰਪ ਦਾ ਵੱਡਾ ਹਮਲਾ, ਬੋਲੇ- 'ਬਾਈਡੇਨ ਨਾ ਕਰੇ ਜਿੱਤ ਦਾ ਦਾਅਵਾ'

ਮੰਤਰੀ ਨੇ ਕਿਹਾ ਕਿ ਇੱਥੇ ਲਗਭਗ 34,000 ਆਸਟ੍ਰੇਲੀਆਈ ਲੋਕ ਹਨ, ਜਿਨ੍ਹਾਂ ਨੇ ਡੀ. ਐੱਫ. ਏ. ਟੀ. (DFAT) ਨਾਲ ਘਰ ਪਰਤਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ, ਜਿਨ੍ਹਾਂ ਲਈ ਸਰਕਾਰ ਕ੍ਰਿਸਮਸ ਤੱਕ ਵਾਪਸੀ ਨੂੰ ਤਰਜੀਹ ਦੇ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਸਟੇਸ਼ਨਾਂ ਤੋਂ ਹਟਣਗੇ ਧਰਨੇ ਤਾਂ ਹੀ ਸ਼ੁਰੂ ਹੋਣਗੀਆਂ ਟਰੇਨਾਂ : ਯਾਦਵ

ਕੌਮਾਂਤਰੀ ਆਰਥਿਕਤਾ ਲਈ 39 ਬਿਲੀਅਨ ਡਾਲਰ ਲਿਆਉਣ ਵਾਲੇ ਕੌਮਾਂਤਰੀ ਪਾੜ੍ਹਿਆਂ ਨੂੰ ਭਰੋਸਾ ਦਿਵਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਪਾੜ੍ਹੇ ਇਸ ਸਾਲ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਰਾਜਾਂ ਦੇ ‘ਛੋਟੇ ਅਤੇ ਪੜਾਅਵਾਰ’ ਪਾਇਲਟ ਪ੍ਰੋਗਰਾਮਾਂ ਰਾਹੀਂ ਪਰਤਣਾ ਸ਼ੁਰੂ ਕਰ ਦੇਣਗੇ। ਹੁਣ ਤੱਕ ਨਾਰਦਰਨ ਟੈਰੇਟਰੀ ਅਤੇ ਦੱਖਣੀ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਦੀ ਸਹੂਲਤ ਲਈ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ, ਜਿਸ ਤਹਿਤ 70 ਵਿਦਿਆਰਥੀ ਡਾਰਵਿਨ ਅਤੇ 300 ਵਿਦਿਆਰਥੀ ਐਡੀਲੇਡ ਦੀਆਂ ਯੂਨੀਵਰਸਿਟੀਆਂ ਵਿਚ ਵਾਪਸ ਪਰਤਣਗੇ।


Lalita Mam

Content Editor

Related News