ਇਸ ਦੇਸ਼ ਦੀ ਸ਼ਾਨ ਹਨ ਗੁਲਾਬੀ ਝੀਲਾਂ, ਮੋਹਦੀਆਂ ਨੇ ਸੈਲਾਨੀਆਂ ਦੇ ਦਿਲ
Tuesday, Mar 05, 2019 - 03:32 PM (IST)

ਮੈਲਬੌਰਨ, (ਏਜੰਸੀ)— ਸਮੁੰਦਰ ਹੋਵੇ ਜਾਂ ਵਿਸ਼ਾਲ ਨਦੀ ਜਾਂ ਫਿਰ ਝਰਨਾ, ਵਾਟਰ ਬਾਡੀਜ਼ ਹਮੇਸ਼ਾ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿੰਦੀਆਂ ਹਨ। ਕਦੇ ਲੋਕ ਸਮੁੰਦਰ ਦੇ ਨੀਲੇ ਪਾਣੀ 'ਚ ਸਫਰਿੰਗ ਕਰਦੇ ਹਨ ਤਾਂ ਕਦੇ ਝਰਨਿਆਂ ਦਾ ਆਨੰਦ ਮਾਣਦੇ ਹਨ। ਆਸਟ੍ਰੇਲੀਆ 'ਚ ਕਈ ਝੀਲਾਂ ਦਾ ਰੰਗ ਸਰਦੀਆਂ 'ਚ ਗੁਲਾਬੀ ਹੋ ਜਾਂਦਾ ਹੈ। ਮੈਲਬੌਰਨ ਦੇ ਵੈਸਟਗੇਟ ਪਾਰਕ 'ਚ ਮੌਜੂਦ ਹਿਲਰ ਲੇਕ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਨੂੰ ਪਿੰਕ ਲੇਕ ਅਤੇ ਸਲਾਈਨ ਲੇਕ ਵੀ ਕਿਹਾ ਜਾਂਦਾ ਹੈ। ਸਾਲ 2012 'ਚ ਪਹਿਲੀ ਵਾਰ ਇਸ ਬਾਰੇ ਪਤਾ ਲੱਗਾ ਸੀ। ਹਾਲਾਂਕਿ ਇਹ ਕਾਫੀ ਸਮਾਂ ਪਹਿਲਾਂ ਦੀ ਬਣੀ ਹੋਈ ਹੈ।
ਪਹਿਲਾਂ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਪਾਣੀ ਬੀਮਾਰ ਕਰ ਸਕਦਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਪਾਣੀ ਮਨੁੱਖ ਅਤੇ ਜਾਨਵਰਾਂ ਲਈ ਨੁਕਸਾਨਦਾਇਕ ਨਹੀਂ ਹੈ। ਇਸੇ ਲਈ ਲੋਕ ਇੱਥੇ ਘੁੰਮਦੇ ਹਨ, ਬੋਟਿੰਗ ਕਰਦੇ ਹਨ ਅਤੇ ਕਈ ਤੈਰਾਕੀ ਦਾ ਵੀ ਆਨੰਦ ਮਾਣਦੇ ਹਨ। ਝੀਲ ਦਾ ਖੇਤਰਫਲ ਸਿਰਫ 600 ਵਰਗ ਮੀਟਰ ਹੈ, ਇਸ ਲਈ ਇਹ ਦੁਨੀਆ ਦੀ ਸਭ ਤੋਂ ਛੋਟੀ ਅਤੇ ਖੂਬਸੂਰਤ ਝੀਲ 'ਚ ਸ਼ਾਮਲ ਹੈ। ਝੀਲ ਦੇ ਚਾਰੋਂ ਪਾਸੇ ਲੱਗੇ ਪੇਪਰਬਾਰਕ ਅਤੇ ਯੂਕੇਲਿਪਿਟਸ ਦੇ ਦਰੱਖਤ ਇਸ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।
ਇਹ ਝੀਲ ਮੈਲਬੌਰਨ ਦੇ ਉਦਯੋਗਿਕ ਖੇਤਰ 'ਚ ਹੈ। ਇਸ ਲਈ ਲੋਕਾਂ ਨੂੰ ਪਹਿਲਾਂ ਲੱਗਦਾ ਸੀ ਕਿ ਉਦਯੋਗਿਕ ਕੂੜੇ ਕਾਰਨ ਪਾਣੀ ਪ੍ਰਦੂਸ਼ਿਤ ਹੋ ਕੇ ਗੁਲਾਬੀ ਹੋ ਜਾਂਦਾ ਹੈ। ਇਸ ਲਈ ਕਾਫੀ ਸਮੇਂ ਤਕ ਲੋਕ ਇਸ ਨੂੰ ਖਤਰਨਾਕ ਸਮਝਦੇ ਰਹੇ ਪਰ ਹੁਣ ਮਾਹਿਰਾਂ ਵਲੋਂ ਇਸ ਨੂੰ ਸੁਰੱਖਿਅਤ ਦੱਸੇ ਜਾਣ ਮਗਰੋਂ ਇਹ ਸੈਲਾਨੀਆਂ ਲਈ ਖਾਸ ਬਣ ਗਿਆ ਹੈ। ਜਾਣਕਾਰੀ ਮੁਤਾਬਕ ਤੇਜ਼ ਤਾਪਮਾਨ, ਸੂਰਜ ਦੀ ਤੇਜ਼ ਰੌਸ਼ਨੀ ਅਤੇ ਝੀਲ 'ਚ ਜਮ੍ਹਾਂ ਹੋਣ ਵਾਲਾ ਮੀਂਹ ਦਾ ਪਾਣੀ ਸਭ ਮਿਲ ਕੇ ਇਸ ਦਾ ਰੰਗ ਗੁਲਾਬੀ ਕਰ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਗੁਲਾਬੀ ਰੰਗ ਦੀਆਂ ਝੀਲਾਂ ਦੀ ਗਿਣਤੀ ਕਾਫੀ ਹੈ। ਵਿਕਟੋਰੀਆ ਦੇ ਉੱਤਰੀ-ਪੱਛਮੀ ਇਲਾਕੇ 'ਚ ਲੂਣ ਦੀਆਂ ਕਈ ਝੀਲਾਂ ਹਨ, ਜਿਨ੍ਹਾਂ ਦਾ ਪਾਣੀ ਖਾਸ ਸੀਜ਼ਨ ਦੌਰਾਨ ਗੁਲਾਬੀ ਹੋ ਜਾਂਦਾ ਹੈ। ਮੁੱਰੇ ਸਨਸੈੱਟ ਨੈਸ਼ਨਲ ਪਾਰਕ, ਕਰੋਸਬੀ ਝੀਲ, ਬੇਕਿੰਗ ਝੀਲ, ਕੇਨਯੋਨ ਝੀਲ, ਹਾਰਡੀ ਝੀਲ ਸੈਲਾਨੀਆਂ ਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਦੀਆਂ ਹਨ। ਡਿੰਬੂਲਾ ਕੋਲ ਮੂਜੌਦ ਗੁਲਾਬੀ ਝੀਲ ਵੀ ਕਾਫੀ ਪ੍ਰਸਿੱਧ ਹੈ। ਐਸਪੇਰੈਂਸ ਨੇੜੇ ਮੌਜੂਦ ਹਿਲਰ ਝੀਲ ਅਤੇ ਹਟ ਲਗੂਨ ਝੀਲ ਨੂੰ ਤਾਂ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਹਟ ਲਗੂਨ ਹਰ ਸਾਲ ਸੈਂਕੜੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਖਾਸ ਤੌਰ 'ਤੇ ਚੀਨੀ ਯਾਤਰੀਆਂ ਲਈ ਇਸ ਝੀਲ ਦੀ ਯਾਤਰਾ ਕਰਨਾ ਸਟੇਟਸ ਸਿੰਬਲ ਬਣ ਚੁੱਕਾ ਹੈ।