ਆਸਟ੍ਰੇਲੀਆ ਦੇ ਹਾਇਪਰਸੋਨਿਕ ਮਿਜ਼ਾਇਲ ਪਲਾਨ ''ਤੇ ਭੜਕਿਆ ਚੀਨ, ਕਿਹਾ-ਲੇਜ਼ਰ ਗਨ ਨਾਲ ਉਡਾ ਦੇਵਾਂਗੇ

Thursday, Dec 03, 2020 - 06:00 PM (IST)

ਆਸਟ੍ਰੇਲੀਆ ਦੇ ਹਾਇਪਰਸੋਨਿਕ ਮਿਜ਼ਾਇਲ ਪਲਾਨ ''ਤੇ ਭੜਕਿਆ ਚੀਨ, ਕਿਹਾ-ਲੇਜ਼ਰ ਗਨ ਨਾਲ ਉਡਾ ਦੇਵਾਂਗੇ

ਸਿਡਨੀ/ਬੀਜਿੰਗ (ਬਿਊਰੋ): ਆਸਟ੍ਰੇਲੀਆ ਅਤੇ ਚੀਨ ਵਿਚ ਜਾਰੀ ਤਣਾਅ ਹੁਣ ਗੰਭੀਰ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਦੀ ਵੱਧਦੀ ਘੁਸਪੈਠ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਜੰਗੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨੀ ਜੰਗੀ ਜਹਾਜ਼ਾਂ ਦੇ ਹਮਲਾਵਰ ਰਵੱਈਏ ਦੇ ਖਿਲਾਫ਼ ਪ੍ਰਭਾਵੀ ਕਾਰਵਾਈ ਦੇ ਲਈ ਆਸਟ੍ਰੇਲੀਆ ਅਤੇ ਅਮਰੀਕਾ ਮਿਲ ਕੇ ਹਾਇਪਰਸੋਨਿਕ ਐਂਟੀਸ਼ਿਪ ਕਰੂਜ਼ ਮਿਜ਼ਾਇਲ ਵਿਕਸਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਇਸੇ ਗੱਲ ਨੂੰ ਲੈਕੇ ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਆਸਟ੍ਰੇਲੀਆ ਨੂੰ ਧਮਕੀ ਦਿੱਤੀ ਹੈ।

ਚੀਨ ਲਈ ਖਤਰਾ ਬਣਾ ਸਕਦੈ ਆਸਟ੍ਰੇਲੀਆ
ਗਲੋਬਲ ਟਾਈਮਜ਼ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਚੀਨ ਦਾ ਆਸਟ੍ਰੇਲੀਆ ਨੂੰ ਮਿਲਟਰੀ ਦੁਸ਼ਮਣ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਅਮਰੀਕਾ ਦੇ ਨਾਲ ਮਿਜ਼ਾਈਲ ਵਿਕਸਿਤ ਕਰਨ ਦਾ ਨਵਾਂ ਕਦਮ ਆਸਟ੍ਰੇਲੀਆ ਨੂੰ ਚੀਨ ਦੇ ਲਈ ਸੰਭਾਵਿਤ ਖਤਰਾ ਬਣਾ ਸਕਦਾ ਹੈ। ਇੰਨਾ ਹੀ ਨਹੀਂ ਚੀਨ ਦੇ ਅਖ਼ਬਾਰ ਨੇ ਕਿਹਾ ਕਿ ਸਾਡੀ ਲੇਜ਼ਰ ਗਨ ਅਜਿਹੇ ਕਿਸੇ ਵੀ ਖਤਰੇ ਨਾਲ ਨਜਿੱਠਣ ਵਿਚ ਸਮਰੱਥ ਹੈ।

ਆਸਟ੍ਰੇਲੀਆ ਬਣਾਏਗਾ ਹਥਿਆਰ
ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਦੀ ਰੱਖਿਆ ਮੰਤਰੀ ਲਿੰਡਾ ਰੇਨੋਲਡਜ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਆਸਟ੍ਰੇਲੀਆ ਚੀਨ ਅਤੇ ਰੂਸ ਦਾ ਮੁਕਾਬਲਾ ਕਰਨ ਲਈ ਅਮਰੀਕਾ ਦੇ ਨਾਲ ਸੰਯੁਕਤ ਰੂਪ ਨਾਲ ਹਾਇਪਰਸੋਨਿਕ ਕਰੂਜ਼ ਮਿਜ਼ਾਇਲ ਵਿਕਸਿਤ ਕਰੇਗਾ। ਉਹਨਾਂ ਨੇ ਕਿਹਾ ਕਿ ਅਸੀਂ ਆਸਟ੍ਰੇਲੀਆਈ ਸੈਨਾ ਨੂੰ ਹੋਰ ਜ਼ਿਆਦਾ ਵਿਕਲਪ ਦੇਣ ਦੇ ਲਈ ਉਨੱਤ ਸਮਰੱਥਾਵਾਂ ਵਿਚ ਨਿਵੇਸ਼ ਕਰਨ ਜਾਰੀ ਰੱਖਾਂਗੇ।

ਆਸਟ੍ਰੇਲੀਆ ਨੇ ਜਾਰੀ ਕੀਤਾ ਬਜਟ
ਆਸਟ੍ਰੇਲੀਆਈ ਰੱਖਿਆ ਮੰਤਰੀ ਨੇ ਭਾਵੇਂਕਿ ਮਿਜ਼ਾਇਲਾਂ ਨੂੰ ਵਿਕਸਿਤ ਕਰਨ ਦੀ ਲਾਗਤ ਦਾ ਖੁਲਾਸਾ ਨਹੀਂ ਕੀਤਾ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਪ੍ਰਾਜੈਕਟ ਕਦੋਂ ਤੋਂ ਸ਼ੁਰੂ ਹੋਵੇਗਾ। ਆਸਟ੍ਰੇਲੀਆ ਨੇ ਇਸ ਸਾਲ ਆਪਣੇ ਬਜਟ ਵਿਚ ਹਾਇਪਰਸੋਨਿਕ ਹਥਿਆਰਾਂ ਨੂੰ ਵਿਕਸਿਤ ਕਰਨ ਦੇ ਲਈ 6.8 ਬਿਲੀਅਨ ਡਾਲਰ ਦੀ ਰਾਸ਼ੀ ਦੀ ਵਿਵਸਥਾ ਕੀਤੀ ਹੈ। ਜੁਲਾਈ ਵਿਚ ਜਾਰੀ 2020 ਡਿਫੈਂਸ ਸਟ੍ਰੈਟੇਜਿਕ ਅਪਡੇਟ ਐਂਡ 2020 ਫੋਰਸ ਸਟ੍ਰੱਕਚਰ ਪਲਾਨ ਵਿਚ ਵੀ ਰੱਖਿਆ ਵਿਭਾਗ ਨੇ ਕਿਹਾ ਕਿ ਉਹ ਹਾਇਪਰਸੋਨਿਕ ਹਥਿਆਰਾਂ ਨੂੰ ਵਿਕਸਿਤ ਕਰਨ ਵਿਚ ਵੱਡਾ ਨਿਵੇਸ਼ ਕਰੇਗਾ।

 

ਚੀਨ ਨੇ ਕਹੀ ਇਹ ਗੱਲ
ਸ਼ੀ ਜਿਨਪਿੰਗ ਦੀ ਮੀਡੀਆ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਆਸਟ੍ਰੇਲੀਆ ਚੀਨ ਨੂੰ ਉਕਸਾਉਣਾ ਚਾਹੁੰਦਾ ਹੈ ਤਾਂ ਚੀਨ ਆਪਣਾ ਬਚਾਅ ਕਰਨ ਲਈ ਤਿਆਰ ਹੈ। ਭਾਵੇਂਕਿ ਸਾਡਾ ਇਰਾਦਾ ਆਸਟ੍ਰੇਲੀਆ ਨੂੰ ਆਪਣਾ ਮਿਲਟਰੀ ਦੁਸ਼ਮਣ ਬਣਾਉਣ ਦਾ ਨਹੀਂ ਹੈ। ਗਲੋਬਲ ਟਾਈਮਜ਼ ਨੇ ਚੀਨ ਦੇ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਲਿਖਿਆ ਕਿ ਜੇਕਰ ਆਸਟ੍ਰੇਲੀਆ ਅਮਰੀਕਾ ਦੇ ਪ੍ਰਭਾਵ ਹੇਠ ਹਾਇਪਰਸੋਨਿਕ ਮਿਜ਼ਾਇਲਾਂ ਜਿਵੇਂ ਹਮਲਾਵਰ ਹਥਿਆਰਾਂ ਦਾ ਵਿਕਾਸ ਕਰਦਾ ਹੈ ਅਤੇ ਉਹਨਾਂ ਨੂੰ ਤਾਇਨਾਤ ਕਰਦਾ ਹੈ ਤਾਂ ਇਹ ਕਿਸੇ ਲਈ ਚੰਗਾ ਨਹੀਂ ਹੋਵੇਗਾ।

ਦਿੱਤੀ ਕਾਰਵਾਈ ਦੀ ਧਮਕੀ
ਚੀਨੀ ਮਿਲਟਰੀ ਮਾਹਰ ਅਤੇ ਟੀਵੀ ਕੁਮੈਂਟਰ ਸੋਂਗ ਝੋਂਗਪਿੰਗ ਨੇ ਕਿਹਾ ਕਿ ਹਾਇਪਰਸੋਨਿਕ ਹਥਿਆਰ ਹਰੇਕ ਦੇਸ਼ ਦੀ  ਰਾਸ਼ਟਰੀ ਸੁਰੱਖਿਆ ਦੇ ਲਈ ਇਕ ਚੁਣੌਤੀ ਹੈ। ਜੇਕਰ ਆਸਟ੍ਰੇਲੀਆ ਅਤੇ ਅਮਰੀਕ ਸਫਲਾਤਪੂਰਵਕ ਅਜਿਹੇ ਹਥਿਆਰ ਵਿਕਸਿਤ ਕਰਦੇ ਹਨ ਤਾਂ ਚੀਨ ਅਤੇ ਰੂਸ ਨਿਸ਼ਚਿਤ ਰੂਪ ਨਾਲ ਜਵਾਬੀ ਕਾਰਵਾਈ ਕਰਨਗੇ। ਹਾਇਪਰਸੋਨਿਕ ਮਿਜ਼ਾਇਲਾਂ ਦੁਨੀਆ ਭਰ ਵਿਚ ਮੌਜੂਦਾ ਮਿਜ਼ਾਇਲ ਰੱਖਿਆ ਪ੍ਰਣਾਲੀਆਂ ਨਾਲੋਂ ਖਤਰਨਾਕ ਹਨ।

ਨੋਟ- ਚੀਨ ਅਤੇ ਆਸਟ੍ਰੇਲੀਆ ਵਿਚਕਾਰ ਵੱਧਦੇ ਤਣਾਅ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News