'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਮਿਲੀ ਆਸਟ੍ਰੇਲੀਆਈ ਨਾਗਰਿਕਤਾ
Sunday, Jan 27, 2019 - 09:20 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)— 26 ਜਨਵਰੀ ਨੂੰ ਆਸਟ੍ਰੇਲੀਆ ਭਰ 'ਚ 'ਆਸਟ੍ਰੇਲੀਆ ਡੇਅ' ਕੌਮੀ ਦਿਹਾੜੇ ਵਜੋਂ ਮਨਾਇਆ ਗਿਆ। ਇਸ ਦਿਨ ਤਕਰੀਬਨ 146 ਦੇਸ਼ਾਂ ਦੇ ਕਰੀਬ 16,212 ਲੋਕਾਂ ਨੂੰ ਆਸਟ੍ਰੇਲੀਆਈ ਨਾਗਰਿਕਤਾ ਪ੍ਰਦਾਨ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਿਲ ਹਨ।
ਦੇਸ਼ ਭਰ 'ਚ ਤਕਰੀਬਨ 365 ਸਹੁੰ ਚੁੱਕ ਸਮਾਗਮਾਂ 'ਚ ਨਵੇਂ ਬਣੇ ਨਾਗਰਿਕਾਂ ਨੂੰ ਸਹੁੰ ਚੁਕਾਈ ਗਈ ਅਤੇ ਨਾਗਰਿਕਤਾ ਦੇ ਸਰਟੀਫਿਕੇਟ ਵੰਡੇ ਗਏ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਰਾਜਧਾਨੀ ਕੈਨਬਰਾ 'ਚ ਕਰਵਾਏ ਗਏ ਸਰਕਾਰੀ ਸਮਾਗਮ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸਟ੍ਰੇਲੀਆ 'ਚ ਹੋਏ ਵੱਖ-ਵੱਖ ਸਮਾਗਮਾਂ 'ਚ 80,000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕੀਤੀ ਸੀ ਤੇ ਇਹ੍ਹਾਂ 'ਚ 18,000 ਲੋਕ ਭਾਰਤ ਤੋਂ ਸਨ।
'ਆਸਟ੍ਰੇਲੀਆ ਡੇਅ' ਨੂੰ ਨਾ ਮਨਾਉਣ ਦੇ ਇਵਜ਼ ਵਜ਼ੋਂ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਪਰਥ, ਹੋਬਾਰਟ ਆਦਿ ਸ਼ਹਿਰਾਂ 'ਚ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਅਤੇ ਸਥਾਨਕ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੂਲ ਵਾਸੀਆਂ ਮੁਤਾਬਿਕ ਇੰਗਲੈਂਡ ਤੋਂ ਆਏ ਅੰਗਰੇਜ਼ਾਂ ਨੇ ਆਸਟ੍ਰੇਲੀਆ ਨੂੰ ਬਰਤਾਨਵੀਂ ਰਾਜ ਦਾ ਹਿੱਸਾ ਬਣਾਉਣ ਲਈ ਸਥਾਨਕ ਲੋਕਾਂ ਦੀ ਨਸ਼ਲਕੁਸ਼ੀ ਕੀਤੀ ਸੀ, ਸੋ ਇਸ ਦਿਨ ਨੂੰ 'ਸੋਗ ਦਿਵਸ' ਵਜ਼ੋਂ ਮਨਾਇਆ ਜਾਵੇ। ਆਸਟ੍ਰੇਲੀਆਈ ਲੋਕਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ 'ਆਸਟ੍ਰੇਲੀਆ ਡੇਅ' ਮਨਾਉਣ ਦੀ ਤਾਰੀਕ ਨੂੰ ਬਦਲਿਆ ਜਾਵੇ ਜਾਂ ਇਸ ਛੁੱਟੀ ਨੂੰ ਰੱਦ ਕੀਤਾ ਜਾਵੇ।