ਆਸਟ੍ਰੇਲੀਆ ਦੇ ਇਸ ਰਾਜ ਨੇ ਕੋਵਿਡ-19 ਦੇ ਅਸਥਾਈ ਉਪਾਅ ਕੀਤੇ ਖ਼ਤਮ
Monday, May 17, 2021 - 12:14 PM (IST)
ਸਿਡਨੀ (ਏ.ਐੱਨ.ਆਈ./ਸ਼ਿਨਹੂਆ): ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਪਿਛਲੇ ਸਥਾਨਕ ਮਾਮਲਿਆਂ ਵਿਚ ਲਾਪਤਾ ਲਿੰਕ ਦੇ ਬਾਵਜੂਦ, ਗ੍ਰੇਟਰ ਸਿਡਨੀ ਖੇਤਰ ਲਈ ਅਸਥਾਈ ਕੋਵਿਡ ਸੁਰੱਖਿਅਤ ਉਪਾਅ ਖ਼ਤਮ ਕਰ ਦਿੱਤੇ ਗਏ ਹਨ।ਸਿਹਤ ਅਧਿਕਾਰੀਆਂ ਦਾ ਇਹ ਫ਼ੈਸਲਾ ਉਦੋਂ ਆਇਆ ਹੈ, ਜਦੋਂ ਸਿਡਨੀ ਦੇ ਪੂਰਬੀ ਉਪਨਗਰਾਂ ਵਿਚ ਕੋਵਿਡ -19 ਦੇ ਦੋ ਸਥਾਨਕ ਤੌਰ 'ਤੇ ਐਕਵਾਇਰ ਕੀਤੇ ਕੇਸਾਂ ਦੇ ਸੰਬੰਧ ਵਿਚ ਕੋਈ ਹੋਰ ਸੰਚਾਰ ਨਹੀਂ ਮਿਲਿਆ।
ਸੋਮਵਾਰ ਤੋਂ ਘਰਾਂ ਵਿਚ ਮਹਿਮਾਨਾਂ ਲਈ ਵੱਧ ਤੋਂ ਵੱਧ 20 ਵਿਅਕਤੀਆਂ ਦੀ ਪਾਬੰਦੀ ਨੂੰ ਹਟਾ ਦਿੱਤਾ ਜਾਵੇਗਾ। ਇਨਡੋਰ ਥਾਵਾਂ 'ਤੇ ਮਨੋਰੰਜਨ ਦੀਆਂ ਗਤੀਵਿਧੀਆਂ ਜਿਵੇਂ ਕਿ ਖੜ੍ਹੇ ਹੋ ਕੇ ਸ਼ਰਾਬ ਪੀਣਾ, ਸਮੂਹ ਗੀਤ ਅਤੇ ਨਾਈਟ ਕਲੱਬਾਂ ਵਿਚ ਨੱਚਣ ਦੀ ਇਜਾਜ਼ਤ ਹੋਵੇਗੀ। ਵੱਡੇ ਸ਼ਹਿਰਾਂ ਵਿਚ ਜਨਤਕ ਆਵਾਜਾਈ ਦੌਰਾਨ ਮਾਸਕ ਪਾਉਣੇ ਲਾਜ਼ਮੀ ਨਹੀਂ ਹਨ ਪਰ ਜਨਤਕ ਸੈਟਿੰਗਾਂ ਵਿਚ ਅਜੇ ਵੀ ਮਾਸਕ ਪਾਉਣੇ ਲਾਜ਼ਮੀ ਹਨ।ਐਨ.ਐਸ.ਡਬਲਊ. ਹੈਲਥ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ,“ਜਿਵੇਂ ਕਿ ਇਹ ਦੋਵਾਂ ਸਥਾਨਕ ਤੌਰ ’ਤੇ ਐਕਵਾਇਰ ਕੀਤੇ ਗਏ ਕੇਸਾਂ ਨੇ ਦਿਖਾਇਆ ਹੈ ਕਿ ਕੋਵਿਡ-19 ਕਿਸੇ ਵੀ ਸਮੇਂ ਕਮਿਊਨਿਟੀ ਵਿਚ ਮੁੜ ਉੱਭਰ ਸਕਦਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਕੋਵਿਡ ਸੁਰੱਖਿਅਤ ਰਹਿਣ ਲਈ ਸਾਰਥਕ ਉਪਾਅ ਕਰਦੇ ਰਹੀਏ।''
ਪੜ੍ਹੋ ਇਹ ਅਹਿਮ ਖਬਰ - ਇਜ਼ਰਾਈਲ 'ਚ ਸੰਘਰਸ਼ ਜਾਰੀ, 10 ਹਜ਼ਾਰ ਭਾਰਤੀ ਬੰਕਰਾਂ 'ਚ ਰਹਿਣ ਲਈ ਮਜਬੂਰ
ਇਸ ਦੌਰਾਨ, ਰਾਜ ਨੇ ਐਤਵਾਰ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਦੌਰਾਨ 44,283 ਟੀਕੇ ਲਗਾਏ, ਜਿਨ੍ਹਾਂ ਵਿਚ 18,345 ਸਿਡਨੀ ਓਲੰਪਿਕ ਪਾਰਕ ਦੇ ਟੀਕਾਕਰਨ ਕੇਂਦਰ ਵਿਖੇ ਲਗਾਏ ਗਏ, ਜੋ ਕਿ ਪਿਛਲੇ ਸੋਮਵਾਰ ਨੂੰ ਖੁੱਲ੍ਹਿਆ ਸੀ। ਹੁਣ ਤੱਕ 900,000 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜੋ ਆਸਟ੍ਰੇਲੀਆ ਦੇ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਹਨ ।ਐਨ.ਐਸ.ਡਬਲਊ. ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਨੇ ਪ੍ਰੈਸ ਨੂੰ ਦੱਸਿਆ,“ਟੀਕਾਕਰਨ ਅਹਿਮ ਹੈ ਜੇਕਰ ਅਸੀਂ ਆਪਣੀਆਂ ਸਰਹੱਦਾਂ ਖੋਲ੍ਹਣਾ ਚਾਹੁੰਦੇ ਹਾਂ ਅਤੇ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ। ਮੈਂ ਐਨ.ਐਸ.ਡਬਲਊ. ਵਿਚ 40-49 ਸਾਲ ਦੇ ਹਰ ਕਿਸੇ ਵਿਅਕਤੀ ਨੂੰ ਫਾਈਜ਼ਰ ਟੀਕਾ ਜਲਦੀ ਤੋਂ ਜਲਦੀ ਲਗਵਾਉਣ ਲਈ ਰਜਿਸਟਰ ਕਰਨ ਦੀ ਅਪੀਲ ਕਰਦੀ ਹਾਂ।''
ਨੋਟ- ਨਿਊ ਸਾਊਥ ਵੇਲਜ਼ ਨੇ ਕੋਵਿਡ-19 ਦੇ ਅਸਥਾਈ ਉਪਾਅ ਕੀਤੇ ਖ਼ਤਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।