ਘਰੇਲੂ ਮਾਮਲਿਆਂ 'ਚ ਚੀਨ ਦੇ ਦਖਲ ਨੂੰ ਰੋਕਣ ਲਈ ਆਸਟ੍ਰੇਲੀਆ ਚੁੱਕੇਗਾ ਇਹ ਕਦਮ

02/08/2018 3:41:20 PM

ਸਿਡਨੀ (ਵਾਰਤਾ)— ਆਸਟ੍ਰੇਲੀਆ ਨੇ ਘਰੇਲੂ ਮਾਮਲਿਆਂ 'ਚ ਚੀਨ ਦੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਪ੍ਰਸਤਾਵਤ ਕਾਨੂੰਨ 'ਚ ਪੱਤਰਕਾਰਾਂ ਦੇ ਹਿੱਤਾਂ ਦੀ ਖਾਤਰ ਸੋਧ ਕਰਨ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪਿਛਲੇ ਸਾਲ ਦਸੰਬਰ ਮਹੀਨੇ ਕਿਹਾ ਸੀ ਕਿ ਸਰਕਾਰ ਨੇ ਅਮਰੀਕੀ ਵਿਦੇਸ਼ ਏਜੰਟ ਰਜਿਸਟ੍ਰੇਸ਼ਨ ਕਾਨੂੰਨ ਦੀ ਤਰਜ਼ 'ਤੇ ਨਵਾਂ ਕਾਨੂੰਨ ਤਿਆਰ ਕੀਤਾ ਹੈ, ਜਿਸ ਨੂੰ ਚੀਨੀ ਦੇ ਗਲਤ ਪ੍ਰਭਾਵ ਰੋਕਣ ਲਈ ਪੇਸ਼ ਕੀਤਾ ਜਾਵੇਗਾ। ਸਰਕਾਰ ਨੇ ਇਕ ਮਸੌਦਾ ਪੇਸ਼ ਕੀਤਾ ਸੀ, ਜਿਸ 'ਚ ਵਿਵਸਥਾ ਸੀ ਕਿ ਜੇਕਰ ਕਿਸੇ ਪੱਤਰਕਾਰ ਕੋਲ ਕੋਈ ਗੁਪਤ ਦਸਤਾਵੇਜ਼ ਹੈ ਤਾਂ ਉਸ ਨੂੰ ਜੇਲ ਦੀ ਸਜ਼ਾ ਹੋ ਸਕਦੀ ਹੈ। ਇਸ ਦਾ ਆਸਟ੍ਰੇਲੀਆ ਦੀ ਮੀਡੀਆ ਨੇ ਜ਼ੋਰਦਾਰ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਰਕਾਰ ਨੂੰ ਇਸ 'ਚ ਸੋਧ ਕਰਨ 'ਤੇ ਵਿਚਾਰ ਕਰਨਾ ਪਿਆ ਸੀ। 
ਆਸਟ੍ਰੇਲੀਆ ਦੇ ਅਟਾਰਨੀ ਜਨਰਲ ਕ੍ਰਿਸੀਚਅਨ ਪਾਰਟਰ ਨੇ ਸਾਫ ਕੀਤਾ ਕਿ ਜੇਕਰ ਕਿਸੇ ਪੱਤਰਕਾਰ ਕੋਲ ਕੋਈ ਵੀ ਗੁਪਤ ਦਸਤਾਵੇਜ਼ ਹੈ ਤਾਂ ਸਰਕਾਰ ਦੀ ਉਸ ਨੂੰ ਜੇਲ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਤ ਸੋਧ ਤਹਿਤ ਜੇਕਰ ਕਿਸੇ ਪੱਤਰਕਾਰ ਕੋਲ ਅਜਿਹਾ ਕੋਈ ਦਸਤਾਵੇਜ਼ ਹੈ ਅਤੇ ਜੇਕਰ ਉਸ ਦੇ ਪ੍ਰਕਾਸ਼ਤ ਹੋਣ ਨਾਲ ਜਨ ਸੁਰੱਖਿਆ ਨੂੰ ਖਤਰਾ ਹੁੰਦਾ ਹੈ ਜਾਂ ਦੇਸ਼ ਦੀ ਸੁਰੱਖਿਆ 'ਤੇ ਕਿਸੇ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਤਾਂ ਅਜਿਹੇ ਮਾਮਲੇ ਵਿਚ ਸੰਬੰਧਤ ਪੱਤਰਕਾਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਰਕਾਰ ਕੋਲ ਹੇਠਲੇ ਸਦਨ ਵਿਚ ਪੂਰਨ ਬਹੁਮਤ ਹੈ ਪਰ ਉੱਪਰੀ ਸਦਨ 'ਚ ਉਸ ਦਾ ਕੰਟਰੋਲ ਨਹੀਂ ਹੈ ਅਤੇ ਮੁੱਖ ਵਿਰੋਧੀ ਦਲ ਲੇਬਰ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਮੂਲ ਕਾਨੂੰਨ ਦਾ ਵਿਰੋਧ ਕਰੇਗੀ। ਲੇਬਰ ਪਾਰਟੀ ਨੇ ਹਾਲਾਂਕਿ ਬਾਅਦ ਵਿਚ ਇਹ ਵੀ ਕਿਹਾ ਕਿ ਉਸ ਨੇ ਅਜੇ ਇਹ ਫੈਸਲਾ ਨਹੀਂ ਲਿਆ ਹੈ ਕਿ ਕੀ ਉਹ ਨਵੇਂ ਪ੍ਰਸਤਾਵ ਨੂੰ ਆਪਣਾ ਸਮਰਥਨ ਦੇਵੇਗੀ ਪਰ ਇਸ ਕਾਨੂੰਨ 'ਚ ਸੋਧ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ।


Related News