ਵਿਦੇਸ਼ ਬੈਠੇ ਆਪਣੇ ਨਾਗਰਿਕਾਂ ਲਈ ਪ੍ਰੇਸ਼ਾਨੀ ਬਣਿਆ ਚੀਨ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ

Saturday, Jan 02, 2021 - 01:31 PM (IST)

ਬੀਜਿੰਗ/ਕੈਨਬਰਾ- ਵਿਸ਼ਵ ਸ਼ਕਤੀ ਅਮਰੀਕਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਵਿਚ ਚੀਨ ਅਜਿਹੀਆਂ ਹਰਕਤਾਂ ਕਰ ਰਿਹਾ ਹੈ ਕਿ ਉਸ ਦੇ ਆਪਣੇ ਨਾਗਰਿਕ ਉਸ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਖਾਸ ਤੌਰ 'ਤੇ ਵਿਦੇਸ਼ਾਂ ਵਿਚ ਬੈਠੇ ਨਾਗਰਿਕਾਂ ਲਈ ਤਾਂ ਚੀਨ ਆਪ ਮੁਸੀਬਤ ਵਧਾ ਰਿਹਾ ਹੈ। ਇਸੇ ਲਈ ਆਸਟ੍ਰੇਲੀਆ ਨੇ ਚੀਨੀ ਮੂਲ ਦੇ ਲੋਕਾਂ ਦੀ ਨਿਗਰਾਨੀ ਵਧਾ ਦਿੱਤੀ ਹੈ। ਕੋਰੋਨਾ ਮਹਾਮਾਰੀ ਫੈਲਾਉਣ ਕਾਰਨ ਅਮਰੀਕਾ ਤੇ ਯੂਰਪ ਵਿਚ ਪਹਿਲਾਂ ਹੀ ਚੀਨੀ ਮੂਲ ਦੇ ਲੋਕ ਨਿਸ਼ਾਨਾ ਬਣ ਰਹੇ ਸਨ ਤੇ ਹੁਣ ਇਹ ਸਭ ਆਸਟ੍ਰੇਲੀਆ ਵਿਚ ਵੀ ਸ਼ੁਰੂ ਹੋ ਗਿਆ ਹੈ। 

ਹੁਣ ਚੀਨੀ ਮੂਲ ਦਾ ਕੋਈ ਵਿਅਕਤੀ ਆਸਟ੍ਰੇਲੀਆਈ ਸਰਕਾਰ ਵਿਚ ਰੱਖਿਆ, ਵਿੱਤ ਜਾਂ ਸਿਹਤ ਵਰਗੇ ਵੱਡੇ ਵਿਭਾਗਾਂ ਨਾਲ ਜੁੜਿਆ ਤਾਂ ਉਸ 'ਤੇ ਵਧੇਰੇ ਨਿਗਰਾਨੀ ਰੱਖੀ ਜਾਵੇਗੀ। ਕੋਰੋਨਾ ਦੇ ਇਲਾਵਾ ਕਵਾਡ ਦੇ ਮੁੱਦੇ 'ਤੇ ਵੀ ਚੀਨ ਤੇ ਆਸਟ੍ਰੇਲੀਆ ਦੇ ਰਿਸ਼ਤੇ ਖਰਾਬ ਹੋ ਰਹੇ ਹਨ। ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਰਿਹਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਕਾਰ ਕੁੜੱਤਣ ਆ ਗਈ ਹੈ ਤੇ ਦਰਾਮਦ-ਬਰਾਮਦ 'ਤੇ ਵੀ ਪਾਬੰਦੀਆਂ ਲਾਗੂ ਹਨ। 

ਖੇਤਰਫਲ ਦੇ ਹਿਸਾਬ ਨਾਲ ਆਸਟ੍ਰੇਲੀਆ ਭਾਰਤ ਤੋਂ ਵੱਡਾ ਹੈ ਪਰ ਇਸ ਦੀ ਆਬਾਦੀ ਕਾਫੀ ਘੱਟ ਹੈ। ਆਸਟ੍ਰੇਲੀਆ ਨੂੰ ਡਰ ਹੈ ਕਿ ਵਿਸਥਾਰਵਾਦੀ ਨੀਤੀਆਂ ਕਾਰਨ ਚੀਨ ਉਸ ਲਈ ਵੀ ਖ਼ਤਰੇ ਨਾ ਖੜ੍ਹੇ ਕਰ ਦੇਵੇ। ਆਸਟ੍ਰੇਲੀਆ ਦੀ ਖੁਫੀਆ ਏਜੰਸੀ ਨੇ 2017 ਵਿਚ ਇਸ ਵੱਲ ਇਸ਼ਾਰਾ ਵੀ ਦਿੱਤਾ ਸੀ ਕਿ ਆਸਟ੍ਰੇਲੀਆ ਦੇ ਘਰੇਲੂ ਮਾਮਲਿਆਂ ਵਿਚ ਚੀਨ ਦਖ਼ਲ ਵਧੇਰੇ ਦੇ ਰਿਹਾ ਹੈ। ਆਸਟ੍ਰੇਲੀਆ ਵਿਚ 12 ਲੱਖ ਚੀਨੀ ਮੂਲ ਦੇ ਲੋਕ ਹਨ, ਜੋ ਆਸਟ੍ਰੇਲੀਆ ਦੀ ਆਬਾਦੀ ਦਾ 5 ਫ਼ੀਸਦੀ ਹਨ।

ਇਹ ਵੀ ਪੜ੍ਹੋ-ਕੈਨੇਡਾ: ਲੋਕਾਂ ਨੂੰ ਘਰਾਂ 'ਚ ਰਹਿਣ ਦੇ ਫ਼ਰਮਾਨ ਦੇ ਕੇ ਖ਼ੁਦ ਵਿਦੇਸ਼ ਯਾਤਰਾ 'ਤੇ ਨਿਕਲੇ ਰਾਜਨੀਤਕ ਅਧਿਕਾਰੀ

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ ਚੀਨੀ ਮੂਲ ਦੇ ਤਿੰਨ ਆਸਟ੍ਰੇਲੀਆਈ ਨਾਗਰਿਕਾਂ ਨੇ ਸੈਨੇਟ ਜਾਂਚ ਵਿਚ ਅਪ੍ਰਵਾਸੀ ਲੋਕਾਂ ਦੀ ਸਥਿਤੀ ਦੇ ਸਬੂਤ ਮੁਹੱਈਆ ਕਰਵਾਏ ਸਨ। ਹਾਲਾਂਕਿ ਜਾਂਚ ਦੌਰਾਨ ਜਦ ਉਨ੍ਹਾਂ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੀ ਆਲੋਚਨਾ ਕਰਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਤਰਕ ਸੀ ਕਿ ਅਜਿਹਾ ਕਰਨ ਦੀ ਜ਼ਰੂਰਤ ਨਹੀਂ। ਹਾਲਾਂਕਿ ਸੈਨੇਟਰ ਐਰਿਕ ਅਬੇਟੂਜ਼ ਦਾ ਕਹਿਣਾ ਸੀ ਕਿ ਅਜਿਹਾ ਕਹਿਣ ਵਿਚ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਲੋਕਤੰਤਰ ਖ਼ਿਲਾਫ਼ ਕੰਮ ਕਰਦੀ ਹੈ ਜਦਕਿ ਆਸਟ੍ਰੇਲੀਆ ਲੋਕਤੰਤਰੀ ਦੇਸ਼ ਹੈ। 
 

♦ ਕੀ ਚੀਨ ਤੇ ਆਸਟ੍ਰੇਲੀਆ ਦੇ ਰਿਸ਼ਤੇ ਪਹਿਲਾਂ ਵਰਗੇ ਹੋ ਸਕਣਗੇ ? ਕੁਮੈਂਟ ਕਰਕੇ ਦਿਓ ਆਪਣੀ ਰਾਇ


Lalita Mam

Content Editor

Related News