ਤਾਈਵਾਨ ਨੇੜੇ ਚੀਨ ਦਾ ਫ਼ੌਜੀ ਅਭਿਆਸ, ਆਸਟ੍ਰੇਲੀਆ ਵੱਲੋਂ ਜਲਡਮਰੂਮੱਧ 'ਚ ਤਣਾਅ ਘੱਟ ਕਰਨ ਦੀ ਅਪੀਲ
Monday, Aug 08, 2022 - 01:31 PM (IST)
ਕੈਨਬਰਾ (ਏਜੰਸੀ): ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੋਮਵਾਰ ਨੂੰ ਤਾਈਵਾਨ ਦੇ ਆਲੇ-ਦੁਆਲੇ ਚੀਨ ਦੇ ਫ਼ੌਜੀ ਅਭਿਆਸਾਂ ਬਾਰੇ ਕੀਤੀ ਆਪਣੀ ਟਿੱਪਣੀ ਤੋਂ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਦੀ ਮੰਗ ਕੀਤੀ। ਚੀਨ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਫੇਰੀ ਦੇ ਜਵਾਬ ਵਿੱਚ ਤਾਈਵਾਨ ਦੇ ਆਲੇ ਦੁਆਲੇ ਫ਼ੌਜੀ ਅਭਿਆਸ ਸ਼ੁਰੂ ਕੀਤਾ, ਜਿਸਦੀ ਵੋਂਗ ਨੇ ਆਲੋਚਨਾ ਕੀਤੀ। ਚੀਨ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਉਸਨੇ ਲੰਬੇ ਸਮੇਂ ਤੋਂ ਕਿਹਾ ਹੈ ਕਿ ਜੇ ਲੋੜ ਪਈ ਤਾਂ ਤਾਈਵਾਨ ਨੂੰ ਜ਼ਬਰਦਸਤੀ ਮੁੱਖ ਭੂਮੀ ਚੀਨ ਨਾਲ ਜੋੜਿਆ ਜਾ ਸਕਦਾ ਹੈ।
ਚੀਨ ਵਿਦੇਸ਼ੀ ਅਧਿਕਾਰੀਆਂ ਦੇ ਤਾਈਵਾਨ ਦੌਰੇ ਦਾ ਵਿਰੋਧ ਕਰਦਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਤਾਈਵਾਨ ਬਾਰੇ ਕਿਸੇ ਵੀ ਵਿਦੇਸ਼ੀ ਨੇਤਾ ਦੀ ਟਿੱਪਣੀ ਦਾ ਤੁਰੰਤ ਜਵਾਬ ਦਿੰਦਾ ਹੈ। ਵੋਂਗ ਨੇ ਚੀਨ ਵੱਲੋਂ ਹਵਾਈ ਅਤੇ ਸਮੁੰਦਰੀ ਫ਼ੌਜੀ ਅਭਿਆਸਾਂ ਦੌਰਾਨ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਦੀ ਆਲੋਚਨਾ ਕੀਤੀ ਸੀ। ਉਸਨੇ ਸ਼ਨੀਵਾਰ ਨੂੰ ਅਮਰੀਕਾ ਅਤੇ ਜਾਪਾਨ ਦੇ ਨਾਲ ਇੱਕ ਸਾਂਝੇ ਬਿਆਨ 'ਤੇ ਹਸਤਾਖਰ ਕੀਤੇ, ਜਿਸ ਵਿਚ ਜਾਪਾਨ ਦੇ ਨਿਵੇਕਲੇ ਆਰਥਿਕ ਖੇਤਰ ਵਿੱਚ ਮਿਜ਼ਾਈਲ ਲਾਂਚ ਦੀ ਆਲੋਚਨਾ ਕੀਤੀ ਗਈ ਅਤੇ ਚੀਨ 'ਤੇ "ਖਿੱਤੇ ਵਿੱਚ ਤਣਾਅ ਵਧਾਉਣ ਅਤੇ ਅਸਥਿਰਤਾ ਪੈਦਾ ਕਰਨ" ਦਾ ਦੋਸ਼ ਲਗਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਕਾਲ 'ਚ ਆਸਟ੍ਰੇਲੀਆ 'ਚ ਅਧਿਆਪਕਾਂ ਦੀ ਕਮੀ, ਸਿੱਖਿਆ ਮੰਤਰੀ ਨੇ ਕੀਤੀ ਮੀਟਿੰਗ
ਇਸ ਤਿਕੋਣੀ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟ੍ਰੇਲੀਆ ਵਿਚ ਚੀਨੀ ਦੂਤਘਰ ਨੇ ਕਿਹਾ ਕਿ ਰਾਜ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਨਾਲ ਸਬੰਧਤ ਚੀਨ ਦੀਆਂ ਜਾਇਜ਼ ਕਾਰਵਾਈਆਂ 'ਤੇ ਉਂਗਲ ਉਠਾਉਣਾ ਬਿਲਕੁਲ ਅਸਵੀਕਾਰਨਯੋਗ ਹੈ। ਚੀਨ ਦਾ ਇਲਜ਼ਾਮ ਹੈ ਕਿ ਅਮਰੀਕਾ ਤਾਈਵਾਨ ਜਲਡਮਰੂਮੱਧ ਵਿੱਚ ਸ਼ਾਂਤੀ ਭੰਗ ਕਰਨ ਅਤੇ ਅਸਥਿਰਤਾ ਪੈਦਾ ਕਰਨ ਵਿੱਚ ਸਭ ਤੋਂ ਅੱਗੇ ਹੈ। ਚੀਨੀ ਦੂਤਘਰ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਵੋਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਤਣਾਅ ਨੂੰ ਘੱਟ ਕਰਨਾ ਹੈ। ਇਸ ਮਾਮਲੇ ਵਿੱਚ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ। ਉਸਨੇ ਕਿਹਾ ਕਿ ਆਸਟ੍ਰੇਲੀਆ ਸੰਜਮ ਅਤੇ ਤਣਾਅ ਘਟਾਉਣ ਦੀ ਅਪੀਲ ਕਰਦਾ ਹੈ। ਇਹ ਅਪੀਲ ਕਰਨ ਵਾਲਾ ਸਿਰਫ਼ ਆਸਟ੍ਰੇਲੀਆ ਹੀ ਨਹੀਂ ਹੈ। ਮੌਜੂਦਾ ਸਥਿਤੀ ਨੂੰ ਲੈ ਕੇ ਸਾਰਾ ਖੇਤਰ ਚਿੰਤਤ ਹੈ। ਪੂਰਾ ਖੇਤਰ ਸਥਿਰਤਾ ਬਹਾਲ ਕਰਨ ਦੀ ਮੰਗ ਕਰ ਰਿਹਾ ਹੈ।