ਜੰਗਲੀ ਅੱਗ ਨਾਲ ਵਿਕਟੋਰੀਆ ਸੂਬੇ ਦੇ ਕਈ ਖੇਤਰਾਂ ''ਚ ਸਥਿਤੀ ਹੋਈ ਗੰਭੀਰ

01/03/2020 3:14:15 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਵਿੱਚ ਇੱਕ ਪਾਸੇ ਮੁਲਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬਾ ਰਿਹਾ, ਉੱਥੇ ਵੱਖ-ਵੱਖ ਸੂਬਿਆਂ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਨੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ।ਮੁਲਕ ਦੇ ਵੱਖ-ਵੱਖ ਸੂਬਿਆਂ ਵਿੱਚ ਲੱਗੀ ਅੱਗ ਤੋਂ ਬਾਅਦ ਵਿਕਟੋਰੀਆ ਸੂਬੇ ਵਿੱਚ ਵੀ ਅੱਗ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।ਸੂਬੇ ਦੇ ਖੇਤਰੀ ਇਲਾਕੇ ਪੂਰਬੀ ਗਿਪਸਲੈਂਡ,ਮੈਨਜ਼ਫੀਲਡ, ਵੈਲਿੰਗਟਨ, ਵੰਗਰਾਟਾ, ਐਲਪਾਈਨ, ਮਾਊਂਟ ਬੁੱਲਰ, ਮਾਊਂਟ ਹੌਥਮ, ਮਾਊਂਟ ਸਟਰਲਿੰਗ ਵਿੱਚ ਅੱਗ ਨੇ ਭਿਆਨਕ ਤਬਾਹੀ ਮਚਾਈ ਹੈ।ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 28 ਵਿਅਕਤੀ ਲਾਪਤਾ ਹਨ।ਭਿਆਨਕ ਅੱਗ ਨਾਲ ਜਿੱਥੇ 784,000 ਹੈਕਟੇਅਰ ਦਾ ਰਕਬਾ ਜਲ ਕੇ ਰਾਖ ਹੋਣ ਦੀਆਂ ਖਬਰਾਂ ਹਨ ਉੱਥੇ ਵੱਡੀ ਗਿਣਤੀ ਵਿੱਚ ਜੰਗਲੀ ਜੀਵ-ਜੰਤੂਆਂ ਦੇ ਮਰਨ ਦੀ ਪੁਸ਼ਟੀ ਵੀ ਹੋਈ ਹੈ।

PunjabKesari

ਆਸਟ੍ਰੇਲ਼ੀਆਈ ਫੌਜ ਵੱਲੋਂ ਅੱਗ ਦੀ ਚਪੇਟ ਵਿੱਚ ਆਏ ਮਾਲਾਕੂਟਾ ਇਲਾਕੇ ਵਿੱਚੋਂ 1,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ।ਪ੍ਰਭਾਵਿਤ ਇਲਾਕਿਆਂ ਵਿੱਚ ਅੱਗ ਬੁਝਾਊ ਮਹਿਕਮੇ ਦੇ ਮੈਂਬਰ ਸਰਗਰਮ ਹਨ ਤੇ ਬਚਾਓ ਕਾਰਜਾਂ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।ਮਦਦ ਲਈ ਅਮਰੀਕਾ ਤੋਂ ਅੱਗ ਬੁਝਾਊ ਅਮਲੇ ਦੀ ਵਿਸ਼ੇਸ਼ ਟੀਮ ਸਥਿਤੀ ਨਾਲ ਨਜਿੱਠਣ ਲਈ ਇੱਥੇ ਪਹੁੰਚ ਚੁੱਕੀ ਹੈ ਤੇ ਅਗਲੇ ਹਫਤੇ ਕੈਨੇਡਾ-ਅਮਰੀਕਾ ਤੋਂ ਹੋਰ ਟੀਮ ਪਹੁੰਚਣ ਦੀ ਉਮੀਦ ਹੈ।

PunjabKesari

ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਸਥਾਨਕ ਲੋਕਾਂ ਨੂੰ ਤੁਰੰਤ ਪ੍ਰਭਾਵਿਤ ਖੇਤਰ ਖਾਲੀ ਕਰਨ ਦੀ ਹਿਦਾਇਤ ਜਾਰੀ ਕੀਤੀ ਹੈ।ਸੂਬੇ ਦੇ ਕਈ ਖੇਤਰਾਂ ਵਿੱਚ ਅੱਗ ਦੀ ਵਰਤੋਂ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਸੇਵਾਦਾਰਾਂ ਵੱਲੋਂ ਕੁਝ ਪ੍ਰਭਾਵਿਤ ਖੇਤਰਾਂ ਵਿੱਚ ਮੁਫਤ ਭੋਜਨ ਅਤੇ ਪਾਣੀ ਮੁਹੱਈਆ ਕੀਤਾ ਗਿਆ, ਜਿਸਦੀ ਆਸਟ੍ਰੇਲ਼ੀਆਈ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।


Vandana

Content Editor

Related News