ਬ੍ਰਿਸਬੇਨ ''ਚ ''ਟਰਬਨ ਫ਼ਾਰ ਆਸਟ੍ਰੇਲੀਆ'' ਵਲੋਂ ਦਸਤਾਰ ਜਾਗਰੂਕਤਾ ਕੈਂਪ ਆਯੋਜਿਤ

07/12/2019 9:15:13 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀਆਂ ਦੇ ਸ਼ਾਨਾਮਤੀ ਵਿਰਸੇ ਨੂੰ ਪ੍ਰਫੁਲਿੱਤ ਕਰਨ ਅਤੇ ਅਜੋਕੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਹਿੱਤ 'ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ' ਦੇਸ਼ ਤੇ ਵਿਦੇਸ਼ ਵਿੱਚ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਨਿਰੰਤਰ ਕਾਰਜਸ਼ੀਲ ਹੈ।ਉਸੇ ਕੜੀ ਤਹਿਤ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਅਤੇ ਟਰਬਨ ਫ਼ਾਰ ਆਸਟ੍ਰੇਲੀਆ, ਮੀਰੀ ਪੀਰੀ ਗੱਤਕਾ ਅਖਾੜਾ ਅਤੇ ਸੰਗਤਾਂ ਦੇ ਸਾਂਝੇ ਯਤਨਾਂ ਸਦਕਾ ਬ੍ਰਿਸਬੇਨ ਸ਼ਹਿਰ ਦੇ ਕੁਈਨਜ਼ ਸਟਰੀਟ ਸਿਟੀ ਸੈਂਟਰ ਵਿਖੇ ਦਸਤਾਰ ਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਵਿੱਚ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਬੰਧਕ ਸ. ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਜਸਜੋਤ ਸਿੰਘ ਅਤੇ ਤੇਜਪਾਲ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ ਸਕੱਤਰ ਦੀ ਅਗਵਾਈ ਹੇਠ  ਆਸਟ੍ਰੇਲੀਆਈ ਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਸ ਮੌਕੇ ਗੁਰੂ ਦੀਆ ਲਾਡਲੀਆਂ ਫੌਜਾਂ ਵਲੋਂ ਵਿਖਾਏ ਗਏ ਗੱਤਕੇ ਦੇ ਕਰਤੱਵ ਵੀ ਖਿੱਚ ਦਾ ੋਕੇਂਦਰ ਬਣੇ ਰਹੇ। ਸਥਾਨਕ ਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਬਹੁਤ ਹੀ ਉਤਸ਼ਾਹ ਨਾਲ ਇਹ ਸਾਰਾ ਅਲੌਕਿਕ ਨਜ਼ਾਰਾ ਵੇਖ ਰਹੇ ਸਨ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਉੱਪ ਪ੍ਰਧਾਨ ਅਵਨਿੰਦਰ ਸਿੰਘ,  ਸਾਬਕਾ ਪ੍ਰਧਾਨ ਜਸਜੋਤ ਸਿੰਘ, ਸੁਰਿੰਦਰ ਸਿੰਘ ਸਕੱਤਰ ਆਦਿ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਵਿਦੇਸ਼ਾਂ ਵਿੱਚ ਅਜੋਕੀ ਪੀੜ੍ਹੀ ਤੇ ਦੂਸਰੀਆਂ ਕੌਮਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨਾ ਅਤੇ ਧਰਮ ਦੇ ਪਸਾਰ ਲਈ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਵਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। 

ਸੰਸਥਾ ਦੇ ਪ੍ਰਬੰਧਕ ਅਮਰ ਸਿੰਘ ਸਿਡਨੀ ਨੇ ਕਿਹਾ ਕਿ ਆਸਟ੍ਰੇਲੀਆ ਬਹੁ-ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ ਕੀਮਤਾਂ ਦਾ ਸਨਮਾਨ ਕੀਤਾ ਜਾਦਾ ਹੈ।ਉਨ੍ਹਾਂ ਮਾਪਿਆਂ ਤੇ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ਾਂ ਪ੍ਰਤੀ ਸੁਹਿਰਦ ਹੋ ਕੇ ਬੱਚਿਆਂ ਨੂੰ ਗੁਰਬਾਣੀ, ਗੌਰਵਮਈ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਤੇ ਫ਼ਲਸਫੇ ਬਾਰੇ ਜਾਣਕਾਰੀ ਬਹੁਤ ਸੰਜੀਦਗੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਅਜੋਕੀ ਪੀੜ੍ਹੀ ਸਹਿਜੇ ਹੀ ਸਿੱਖ ਧਰਮ, ਦਸਤਾਰ ਦੇ ਮਹੱਤਵ, ਚੰਗੀ ਜੀਵਨ ਜਾਂਚ ਦੀ ਧਾਰਨੀ ਹੋ ਕੇ ਨਰੋਆ, ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾ ਸਕੇ।


Vandana

Content Editor

Related News