ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ''ਤੇ ਪਾਬੰਦੀ ਸ਼ੁਰੂ, ਫ਼ੈਸਲੇ ''ਤੇ ਮਚਿਆ ਹੰਗਾਮਾ
Tuesday, May 04, 2021 - 09:36 AM (IST)
ਮੈਲਬੌਰਨ (ਬਿਊਰੋ): ਭਾਰਤ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਇੱਥੋਂ ਆਉਣ ਵਾਲੇ ਯਾਤਰੀਆਂ 'ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਇਸੇ ਲੜੀ ਵਿਚ ਆਸਟ੍ਰੇਲੀਆ ਨੇ ਵੀ 3 ਮਈ ਤੋਂ 14 ਮਈ ਤੱਕ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਨੂੰ ਤੋੜਨ ਜਾਂ ਕਿਸੇ ਹੋਰ ਦੇਸ਼ ਜ਼ਰੀਏ ਚੋਰੀ ਛੁਪੇ ਆਸਟ੍ਰੇਲੀਆ ਪਹੁੰਚਣ ਵਾਲੇ ਯਾਤਰੀਆਂ ਨੂੰ 5 ਸਾਲ ਤੱਕ ਦੀ ਸਜ਼ਾ ਜਾਂ 50 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਸਰਕਾਰ ਦੇ ਇਸ ਫ਼ੈਸਲੇ ਦੇ ਬਾਅਦ ਆਸਟ੍ਰੇਲੀਆ ਵਿਚ ਭਾਰੀ ਹੰਗਾਮਾ ਮਚਿਆ ਹੋਇਆ ਹੈ। ਸਥਾਨਕ ਲੋਕ ਆਸਟ੍ਰੇਲੀਆਈ ਸਰਕਾਰ 'ਤੇ ਨਸਲਵਾਦ ਦਾ ਦੋਸ਼ ਲਗਾ ਰਹੇ ਹਨ।
15 ਮਈ ਤੱਕ ਲਾਗੂ ਪਾਬੰਦੀ
ਭਾਰਤ ਵਿਚ ਰੋਜ਼ਾਨਾ ਲੱਗਭਗ 3 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਇਹੀ ਕਾਰਨ ਹੈ ਕਿ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਨੀਵਾਰ ਨੂੰ ਇਕ ਬਿਆਨ ਵਿਚ ਆਸਟ੍ਰੇਲੀਆਈ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਕਿਸ ਵੀ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ, 66,600 ਡਾਲਰ ਦਾ ਜੁਰਮਾਨਾ ਜਾਂ ਦੋਹਾਂ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪਾਬੰਦੀ 15 ਮਈ ਤੱਕ ਲਾਗੂ ਰਹੇਗੀ ਭਾਵੇਂਕਿ ਸਮੀਖਿਆ ਦੇ ਬਾਅਦ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
7 ਦਿਨਾਂ ਵਿਚ 139 ਲੋਕ ਮਿਲੇ ਇਨਫੈਕਟਿਡ
ਆਸਟ੍ਰੇਲੀਆਈ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਫ਼ੈਸਲੇ ਨੂੰ ਹਲਕੇ ਵਿਚ ਨਹੀਂ ਲੈ ਰਹੀ ਹੈ। ਇਸ ਨਾਲ ਆਸਟ੍ਰੇਲੀਆਈ ਜਨਤਕ ਸਿਹਤ ਅਤੇ ਕੁਆਰੰਟੀਨ ਸਿਸਟਮ ਸੁਰੱਖਿਅਤ ਰਹਿਣਗੇ। ਸਾਡੇ ਫ਼ੈਸਲੇ ਵਿਚ ਕੁਆਰੰਟੀਨ ਫੈਸਲਿਟੀ ਵਿਚ ਕੋਰੋਨਾ ਦੇ ਮਾਮਲੇ ਸਾਡੇ ਸੰਭਾਲਣ ਲਾਇਕ ਸਮਰੱਥਾ ਤੱਕ ਘੱਟ ਹੋ ਸਕਣਗੇ। ਪਿਛਲੇ ਸੱਤ ਦਿਨਾਂ ਵਿਚ ਆਸਟ੍ਰੇਲੀਆ ਵਿਚ ਵਿਦੇਸ਼ ਤੋਂ ਆਏ 139 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਹਨ।
ਆਸਟ੍ਰੇਲੀਆ ਦੇ 2 ਕ੍ਰਿਕਟਰਾਂ ਦੀ ਵਾਪਸੀ ਤੋਂ ਬਾਅਦ ਲੱਗੀ ਪਾਬੰਦੀ
ਆਸਟ੍ਰੇਲੀਆਈ ਸਰਕਾਰ ਦੀ ਇਹ ਨਵੀਂ ਪਾਬੰਦੀ ਪਿਛਲੇ ਹਫ਼ਤੇ ਦੋ ਆਸਟ੍ਰੇਲੀਆਈ ਖਿਡਾਰੀਆਂ ਦੇ ਦੋਹਾ ਹੁੰਦੇ ਹੋਏ ਮੈਲਬੌਰਨ ਪਹੁੰਚਣ ਦੇ ਬਾਅਦ ਲਗਾਈ ਗਈ ਹੈ। ਅਸਲ ਵਿਚ ਭਾਰਤ ਤੋਂ ਸਿੱਧੀਆਂ ਉਡਾਣਾਂ ਦੇ ਮੁਅੱਤਲ ਹੋਣ ਦੇ ਬਾਅਦ ਇਹ ਦੋਵੇਂ ਕ੍ਰਿਕਟਰ ਕਤਰ ਹੁੰਦੇ ਹੋਏ ਆਸਟ੍ਰੇਲੀਆ ਪਹੁੰਚੇ ਸਨ ਜਿਸ ਮਗਰੋਂ ਆਸਟ੍ਰੇਲੀਆ ਨੇ ਕਿਸੇ ਵੀ ਦੇਸ਼ ਦੇ ਜ਼ਰੀਏ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਦਾ ਐਲਾਨ ਕੀਤਾ। ਭਾਵੇਂ ਉਹ ਆਸਟ੍ਰੇਲੀਆਈ ਨਾਗਰਿਕ ਹੀ ਕਿਉਂ ਨਾ ਹੋਵੇ।
ਲੋਕਾਂ ਨੇ ਜਤਾਇਆ ਵਿਰੋਧ
ਸਥਾਨਕ ਮੀਡੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਆਸਟ੍ਰੇਲੀਆਈ ਨੂੰ ਉਸ ਦੇ ਸਵਦੇਸ਼ ਪਰਤਣ ਦੀ ਕੋਸ਼ਿਸ਼ ਲਈ ਅਪਰਾਧੀ ਕਰਾਰ ਦਿੱਤਾ ਗਿਆ ਹੈ। ਬ੍ਰਿਟੇਨ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਿਖਰ 'ਤੇ ਪਹੁੰਚਣ ਦੇ ਬਾਵਜੂਦ ਅਜਿਹੀਆਂ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਸਨ। ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਉਣ ਦਾ ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਰਕਾਰ ਦੇ ਲੋਕਾਂ ਨੇ ਹੀ ਵਿਰੋਧ ਕੀਤਾ ਹੈ।
ਭਾਰਤ ਵਿਚ ਫਸੇ 9000 ਆਸਟ੍ਰੇਲੀਆਈ ਨਾਗਰਿਕ
ਆਸਟ੍ਰੇਲੀਆਈ ਸਰਕਾਰ ਵਿਚ ਸ਼ਾਮਲ ਸੈਨੇਟਰ ਮੈਟ ਕੈਨਾਵਨ ਨੇ ਸੋਮਵਰ ਨੂੰ ਇਕ ਟਵੀਟ ਕੀਤਾ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਕੁਆਰੰਟੀਨ ਸਿਸਟਮ ਨੂੰ ਠੀਕ ਕਰਨਾ ਜ਼ਿਆਦਾ ਜ਼ਰੂਰੀ ਸੀ ਪਰ ਸਾਨੂੰ ਆਪਣੇ ਲੋਕਾਂ ਨੂੰ ਦੂਜੇ ਦੇਸ਼ ਵਿਚ ਛੱਡਣਾ ਨਹੀਂ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਭਾਰਤ ਤੋਂ ਆਸਟ੍ਰੇਲੀਆਈ ਟੀਮ ਦੀ ਵਾਪਸੀ ਲਈ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦਾ ਮਜ਼ਾਕ ਬਣਾਉਣਾ ਚਾਹੀਦਾ ਹੈ। ਭਾਰਤ ਵਿਚ ਲੱਗਭਗ 9000 ਆਸਟ੍ਰੇਲੀਆਈ ਲੋਕਾਂ ਨੇ ਸਵਦੇਸ਼ ਪਰਤਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਨੋਟ- ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ 'ਤੇ ਪਾਬੰਦੀ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।