ਆਸਟ੍ਰੇਲੀਆ ''ਚ ਅਸਥਾਈ ਵੀਜ਼ਾ ਧਾਰਕਾਂ ਦੀ ਜਲਦ ਹੋ ਸਕਦੀ ਹੈ ਵਾਪਸੀ

Thursday, Mar 25, 2021 - 05:58 PM (IST)

ਆਸਟ੍ਰੇਲੀਆ ''ਚ ਅਸਥਾਈ ਵੀਜ਼ਾ ਧਾਰਕਾਂ ਦੀ ਜਲਦ ਹੋ ਸਕਦੀ ਹੈ ਵਾਪਸੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) :ਕੋਰੋਨਾ ਮਹਾਮਾਰੀ ਕਾਰਨ ਆਸਟ੍ਰੇਲੀਆ ਵਿੱਚ ਬੀਤੇ ਇਕ ਸਾਲ ਤੋਂ ਲੱਗੀਆਂ ਸਰਹੱਦੀ ਪਾਬੰਦੀਆਂ ਕਾਰਨ ਦੇਸ਼ ਤੋਂ ਬਾਹਰ ਫ਼ਸੇ ਅਸਥਾਈ ਵੀਜ਼ਾ ਧਾਰਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹਜ਼ਾਰਾਂ ਪ੍ਰਵਾਸੀਆਂ ਦੀਆਂ ਆਸਾਂ ਉਮੀਦਾਂ ਨੂੰ ਉਸ ਸਮੇਂ ਬੂਰ ਪੈਦਾਂ ਨਜ਼ਰ ਆ ਰਿਹਾ ਹੈ ਜਦੋਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਐਲੈਕਸ ਹਾਕ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਅਸੀਂ ਅਸਥਾਈ ਵੀਜ਼ਾ ਧਾਰਕਾਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਉਣ ਲਈ ਯੋਜਨਾ ਬਣਾ ਰਹੇ ਹਾਂ। 

ਉਨਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਸਥਾਈ ਵੀਜ਼ਾ ਧਾਰਕਾਂ ਦਾ ਬਹੁਤ ਅਹਿਮ ਯੋਗਦਾਨ ਹੈ, ਇਸੇ ਲਈ ਸਰਕਾਰ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ ਜਲਦੀ ਲਾਗੂ ਕਰ ਰਹੀ ਹੈ ਤਾਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਸਮੇਤ ਅਸਥਾਈ ਪ੍ਰਵਾਸੀਆਂ ਲਈ ਕੌਮਾਂਤਰੀ ਸਰਹੱਦਾਂ ਨੂੰ ਜਲਦੀ ਖੋਲ੍ਹਿਆ ਜਾ ਸਕੇ।ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10 ਜਨਵਰੀ, 2021 ਨੂੰ ਕੁੱਲ 164,485 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਸਨ, ਜਿਨ੍ਹਾਂ ਵਿਚੋਂ ਘੱਟੋ ਘੱਟ 12,740 ਭਾਰਤ ਤੋਂ ਸਨ। 

ਪ੍ਰਵਾਸ ਮੰਤਰੀ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਸਾਲ 2019 ਦੀ ਇਸੇ ਮਿਆਦ ਦੇ ਮੁਕਾਬਲੇ 2020 ਦੇ ਦੂਜੇ ਅੱਧ ਵਿਚ 65 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।ਸਭ ਤੋਂ ਵੱਡੀ ਗਿਰਾਵਟ ਭਾਰਤ ਤੋਂ ਵੀਜ਼ਾ ਅਰਜ਼ੀਆਂ ਵਿੱਚ ਵੇਖੀ ਗਈ ਹੈ ਜੋ ਕਿ ਵਿਦਿਆਰਥੀਆਂ ਦਾ ਆਸਟ੍ਰੇਲੀਆ ਵਿੱਚ ਚੀਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸਰੋਤ ਹੈ। ਹਾਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੇਸ਼ ਦੀਆਂ ਸਰਹੱਦਾਂ ਮੁੜ ਖੁਲਣ 'ਤੇ ਸਾਰੇ ਪ੍ਰਵਾਸੀ ਆਸਟ੍ਰੇਲੀਆ ਮੁੜ ਪਰਤ ਆਉਣਗੇ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਹੜ੍ਹ 'ਚ ਮਰਨ ਵਾਲੇ ਸ਼ਖਸ ਦੀ ਪਾਕਿ ਨਾਗਰਿਕ ਵਜੋਂ ਹੋਈ ਪਛਾਣ

ਆਸਟ੍ਰੇਲੀਅਨ ਸਟੈਟਿਸਟਿਕਸ ਬਿਊਰੋ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ ਦੇ ਮਹੀਨੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਅੰਕੜਾਂ ਵਿਭਾਗ ਅਨੁਸਾਰ ਪਿਛਲੇ ਸਾਲ ਜਨਵਰੀ ਵਿੱਚ ਕੁੱਲ 91,250 ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਆਏ ਸਨ ਜਦਕਿ ਇਸ ਸਾਲ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਰਕੇ ਜਨਵਰੀ ਵਿੱਚ ਸਿਰਫ਼ 360 ਵਿਦਿਆਰਥੀ ਹੀ ਪਹੁੰਚ ਸਕੇ। 2020 ਦੇ ਮੁਕਾਬਲੇ ਇਹ 99.6 ਪ੍ਰਤੀਸ਼ਤ ਦੀ ਕਮੀ ਹੈ।ਸਾਲ 2020 ਦੇ ਦੂਜੇ ਅੱਧ ਵਿਚ ਭਾਰਤੀ ਵਿਦਿਆਰਥੀਆਂ ਵਲੋਂ ਸਿਰਫ਼ 10,549 ਅਰਜ਼ੀਆਂ ਦਾਖਲ ਕੀਤੀਆਂ ਗਈਆਂ।

ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ 2019 ਵਿੱਚ ਇਸ ਸਮੇਂ ਦੀ ਤੁਲਨਾ ਵਿਚ ਨਵੀਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2019 ਦੇ ਮੁਕਾਬਲੇ ਦਸੰਬਰ 2020 ਵਿਚ ਆਸਟ੍ਰੇਲੀਆ ਵਿਚ ਤਕਰੀਬਨ 600,000 ਘੱਟ ਅਸਥਾਈ ਵੀਜ਼ਾ ਧਾਰਕ ਹਨ, ਜਿਨ੍ਹਾਂ ਵਿੱਚੋ 41,000 ਭਾਰਤੀ ਸਨ ਜੋ ਕੋਵਿਡ-19 ਮਹਾਮਾਰੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਸੈਂਕੜੇ ਪ੍ਰਵਾਸੀ ਆਪਣੇ ਜੱਦੀ ਦੇਸ਼ ਪਰਤੇ ਸਨ। ਇੱਥੇ ਗੌਰਤਲਬ ਹੈ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਅੰਕੜਿਆਂ ਅਨੁਸਾਰ ਸੀਮਤ ਕੁਆਰੰਟੀਨ ਕਾਰਨ ਵਿਦੇਸ਼ਾਂ ਵਿੱਚ ਫਸੇ ਹੋਏ ਅੰਦਾਜ਼ਨ 37,000 ਆਸਟ੍ਰੇਲੀਆ ਦੇ ਆਪਣੇ ਨਾਗਰਿਕ ਅਤੇ ਸਥਾਈ ਵਸਨੀਕ ਵੀ ਘਰ ਵਾਪਸੀ ਦੀ ਉਡੀਕ ਵਿੱਚ ਆਸਟ੍ਰੇਲੀਆ ਸਰਕਾਰ ਵੱਲ ਵੇਖ ਰਹੇ ਹਨ।ਇਥੇ ਇਹ ਵੀ ਵਰਣਨਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੈਨੇਡਾ ਪ੍ਰਵਾਸ ਦੀਆਂ ਨਰਮ ਨੀਤੀਆਂ ਕਰਕੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਵੱਲ ਰੁਖ਼ ਕਰ ਰਹੇ ਹਨ।

ਨੋਟ- ਆਸਟ੍ਰੇਲੀਆ 'ਚ ਅਸਥਾਈ ਵੀਜ਼ਾ ਧਾਰਕਾਂ ਦੀ ਜਲਦ ਹੋ ਸਕਦੀ ਹੈ ਵਾਪਸੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News