ਆਸਟਰੇਲੀਆ ''ਚ ਊਠਾਂ ਦੇ ਸ਼ਿਕਾਰ ਦਾ ਸੋਸ਼ਲ ਮੀਡੀਆ ''ਤੇ ਵਿਰੋਧ
Thursday, Jan 16, 2020 - 12:53 AM (IST)

ਸਿਡਨੀ (ਇੰਟ)- ਅੱਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆਸਟਰੇਲੀਆ ਵਰਗੇ ਮੁਲਕ ਵਿਚ ਇਸ ਸਮੇਂ ਇਨਸਾਨ ਤਾਂ ਕੀ ਜਾਨਵਰਾਂ ਦਾ ਵੀ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਅੱਗ ਕਾਰਨ ਹੁਣ ਤੱਕ ਤਕਰੀਬਨ 50 ਕਰੋੜ ਜਾਨਵਰ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਆਸਟਰੇਲੀਆ ਸਰਕਾਰ ਵਲੋਂ ਇਹ ਹੁਕਮ ਦੇ ਦਿੱਤਾ ਗਿਆ ਕਿ 10000 ਊਠਾਂ ਨੂੰ ਮਾਰ ਦਿੱਤਾ ਜਾਵੇ ਤੇ ਸਰਕਾਰ ਦੇ ਇਸ ਹੁਕਮ 'ਤੇ ਅਮਲ ਵੀ ਹੋਇਆ। ਹੁਣ ਤੱਕ 5000 ਊਠਾਂ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿਖੇਧੀ ਕੀਤੀ ਜਾ ਰਹੀ ਹੈ।
ਊਠਾਂ ਨੂੰ ਬੇਰਹਿਮੀ ਨਾਲ ਹੈਲੀਕਾਪਟਰਾਂ ਰਾਹੀਂ ਗੱਡੀਆਂ ਰਾਹੀਂ ਲੱਭ-ਲੱਭ ਕੇ ਮਾਰਿਆ ਜਾ ਰਿਹਾ ਹੈ। ਇਸ 'ਤੇ ਆਸਟਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਕੇ ਨਾਲ ਪ੍ਰਭਾਵਿਤ ਦੱਖਣੀ ਆਸਟ੍ਰੇਲੀਆ ਵਿਚ ਇਨ੍ਹਾਂ ਊਠਾਂ ਨੂੰ ਮਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 5,000 ਊਠਾਂ ਨੂੰ ਪੰਜ ਦਿਨਾਂ ਦੇ ਅੰਦਰ ਮਾਰਿਆ ਗਿਆ। ਸੋਸ਼ਲ ਮੀਡੀਆ 'ਤੇ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਇਨ੍ਹਾਂ ਊਠਾਂ ਨੂੰ ਕਿਸੇ ਲੋੜਵੰਦ ਦੇਸ਼ਾਂ ਨੂੰ ਨਹੀਂ ਦਿੱਤਾ ਜਾ ਸਕਦਾ ਸੀ? ਕੀ ਇਨ੍ਹਾਂ ਨੂੰ ਮਾਰਨਾ ਜ਼ਰੂਰੀ ਸੀ?
ਤੁਹਾਨੂੰ ਦੱਸ ਦਈਏ ਕਿ ਆਸਟਰੇਲੀਆ ਵਿਚ ਇਹ ਅੱਗ ਸਤੰਬਰ ਮਹੀਨੇ ਵਿਚ ਲੱਗੀ ਸੀ, ਜਿਸ ਕਾਰਨ ਕਰੀਬ ਦੋ ਦਰਜਨ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ਇਲਾਕਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਪਰ ਜਾਨਵਰਾਂ ਦੀ ਜਾਨ 'ਤੇ ਹਾਲੇ ਵੀ ਖਤਰਾ ਬਣਿਆ ਹੋਇਆ ਹੈ।