ਆਸਟ੍ਰੇਲੀਆ ਦਾ ਅਹਿਮ ਫ਼ੈਸਲਾ, ਭਾਰਤ ਤੋਂ ਚੋਰੀ ਕਲਾਕ੍ਰਿਤੀਆਂ ਕਰੇਗਾ ਵਾਪਸ
Thursday, Jul 29, 2021 - 02:59 PM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਨੈਸ਼ਨਲ ਆਰਟ ਮਿਊਜ਼ੀਅਮ ਵਿਚ ਰੱਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਹਨਾਂ ਵਿਚ ਪਿੱਤਲ ਅਤੇ ਪੱਥਰ ਦੀਆਂ ਮੂਰਤੀਆਂ ਦੇ ਇਲਾਵਾ ਪੇਂਟਿੰਗ ਅਤੇ ਕੁਝ ਤਸਵੀਰਾਂ ਸ਼ਾਮਲ ਹਨ। 1989-2009 ਦੇ ਵਿਚਕਾਰ ਇਹ ਆਰਟਵਰਕ ਨੈਸ਼ਨਲ ਮਿਊਜ਼ੀਅਮ ਦੇ ਅਧਿਕਾਰ ਵਿਚ ਸ਼ਾਮਲ ਕੀਤੇ ਗਏ। ਇਹ ਸਾਰੇ ਆਰਟਵਰਕ ਕਲਾਕ੍ਰਿਤੀਆਂ ਦੀ ਤਸਕਰੀ ਕਰਨ ਵਾਲੇ ਡੀਲਰ ਸੁਭਾਸ਼ ਕਪੂਰ ਤੋਂ ਲਏ ਗਏ ਸਨ। ਇਹ ਜਾਣਕਾਰੀ ਸਿਡਨੀ ਮੋਰਨਿੰਗ ਹੇਰਾਲਡ ਵੱਲੋਂ ਦਿੱਤੀ ਗਈ।
ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ,''ਆਸਟ੍ਰੇਲੀਆ ਦੇ ਇਸ ਫ਼ੈਸਲੇ ਲਈ ਭਾਰਤ ਸਰਕਾਰ ਧੰਨਵਾਦੀ ਹੈ।'' ਭਾਰਤ ਸਰਕਾਰ ਨੂੰ ਇਹ ਆਰਟਵਰਕ ਦਿੱਤੇ ਜਾਣਗੇ ਜਿਹਨਾਂ ਦੀ ਕੀਮਤ 3 ਮਿਲੀਅਨ ਡਾਲਰ ਹੈ। ਇਸ ਤੋਂ ਪਹਿਲਾਂ 2014 ਵਿਚ ਮਿਊਜ਼ੀਅਮ ਵੱਲੋਂ 5 ਮਿਲੀਅਨ ਡਾਲਰ ਦੀ ਲਾਗਤ ਵਾਲੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਵਾਪਸ ਕੀਤਾ ਗਿਆ ਸੀ। ਪਿੱਤਲ ਦੀ ਇਸ ਮੂਰਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ - ਸਿਡਨੀ 'ਚ ਕਰੋਨਾ ਦਾ ਕਹਿਰ! 239 ਨਵੇਂ ਕੇਸ ਆਏ ਸਾਹਮਣੇ
ਨੈਸ਼ਨਲ ਆਰਟ ਮਿਊਜ਼ੀਅਮ ਵੱਲੋਂ ਦੱਸਿਆ ਗਿਆ ਕਿ ਇਹ ਸਾਰੀਆਂ ਕਲਾਕ੍ਰਿਤੀਆਂ ਚੋਰੀ ਦੇ ਬਾਅਦ ਤਸਕਰੀ ਜ਼ਰੀਏ ਇੱਥੇ ਪਹੁੰਚੀਆਂ। ਐੱਨ.ਜੀ.ਏ. ਦੇ ਨਿਰਦੇਸ਼ਕ ਨਿਕ ਮਿਤਜ਼ਵਿਚ ਨੇ ਦੱਸਿਆ ਕਿ ਕਪੂਰ ਨੇ ਇਹ ਦੱਸ ਦਿੱਤਾ ਸੀਕਿ ਉਸ ਦਾ ਕਾਰੋਬਾਰ ਵੈਧ ਨਹੀਂ ਹੈ। ਕਪੂਰ ਤੋਂ ਖਰੀਦੇ ਗਏ ਆਰਟਵਰਕ ਨੂੰ ਚੌਥੀ ਵਾਰ ਆਸਟ੍ਰੇਲੀਆ ਵੱਲੋਂ ਦਿੱਤਾ ਜਾ ਰਿਹਾ ਹੈ। ਫਿਲਹਾਲ ਸੁਭਾਸ਼ ਕਪੂਰ ਅਜਿਹੇ ਹੀ ਮਾਮਲਿਆਂ ਵਿਚ ਸਜ਼ਾ ਭੁਗਤ ਰਿਹਾ ਹੈ।