ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ ''ਚ ਕੀਤਾ ਵਾਧਾ
Tuesday, Oct 04, 2022 - 01:02 PM (IST)
ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਆਪਣੀ ਮਿਆਰੀ ਵਿਆਜ ਦਰ ਲਗਾਤਾਰ ਛੇਵੇਂ ਮਹੀਨੇ ਵਾਧਾ ਕੀਤਾ, ਜਿਸ ਨਾਲ ਇਹ 9 ਮਹੀਨਿਆਂ ਦੇ ਉੱਚ ਪੱਧਰ 2.6 ਫ਼ੀਸਦੀ 'ਤੇ ਪਹੁੰਚ ਗਈ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਨਕਦੀ ਦਰ 'ਚ 0.25 ਫ਼ੀਸਦੀ ਦਾ ਵਾਧਾ ਕੀਤਾ, ਜੋ ਕਿ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਤੋਂ ਘੱਟ ਹੈ। ਵਿਸ਼ਲੇਸ਼ਕਾਂ ਨੇ 0.50 ਫ਼ੀਸਦੀ ਵਾਧੇ ਦੀ ਭਵਿੱਖਬਾਣੀ ਕੀਤੀ ਸੀ। ਦਰਅਸਲ, ਆਸਟਰੇਲੀਆਈ ਕੇਂਦਰੀ ਬੈਂਕ ਪਿਛਲੇ ਚਾਰ ਵਾਰ ਤੋਂ ਵਿਆਜ ਦਰਾਂ ਵਿੱਚ 0.5-0.5 ਫ਼ੀਸਦੀ ਦਾ ਵਾਧਾ ਕਰਦਾ ਰਿਹਾ ਹੈ। ਉਸ ਤੋਂ ਪਹਿਲਾਂ ਮਈ 'ਚ ਕੇਂਦਰੀ ਬੈਂਕ ਨੇ 0.25 ਫ਼ੀਸਦੀ ਦਾ ਵਾਧਾ ਕੀਤਾ ਸੀ, ਜੋ ਅਗਸਤ 2013 ਤੋਂ ਬਾਅਦ ਪਹਿਲਾ ਵਾਧਾ ਸੀ। ਕੇਂਦਰੀ ਬੈਂਕ ਦੇ ਗਵਰਨਰ ਫਿਲਿਪ ਲੋਵ ਨੇ ਕਿਹਾ ਕਿ ਇਸ ਵਾਰ ਵਿਆਜ ਦਰਾਂ ਵਿੱਚ ਘੱਟ ਵਾਧੇ ਦਾ ਇਹ ਮਤਲਬ ਹੈ ਕਿ ਨਕਦੀ ਦਰ ਸੀਮਤ ਮਿਆਦ ਵਿਚ ਕਾਫ਼ੀ ਵਾਧ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਹੋਰ ਵਾਧੇ ਦਾ ਫ਼ੈਸਲਾ ਮਹਿੰਗਾਈ ਅਤੇ ਲੇਬਰ ਮਾਰਕੀਟ ਦੇ ਨਜ਼ਰੀਏ ਦੇ ਮੁਲਾਂਕਣ 'ਤੇ ਨਿਰਭਰ ਕਰੇਗਾ। ਆਸਟ੍ਰੇਲੀਆ 'ਚ ਮਹਿੰਗਾਈ ਇਸ ਸਮੇਂ 6.1 ਫ਼ੀਸਦੀ ਹੈ ਅਤੇ ਦਸੰਬਰ ਤਿਮਾਹੀ 'ਚ ਇਸ ਦੇ 7.75 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਉਥੇ ਹੀ ਕੇਂਦਰੀ ਬੈਂਕ ਇਸ ਨੂੰ 2-3 ਫ਼ੀਸਦੀ ਦੇ ਦਾਇਰੇ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਸਟ੍ਰੇਲੀਆ ਲਈ ਰਾਹਤ ਦੀ ਗੱਲ ਇਹ ਹੈ ਕਿ ਬੇਰੁਜ਼ਗਾਰੀ ਦੀ ਦਰ 50 ਸਾਲਾਂ ਦੇ ਹੇਠਲੇ ਪੱਧਰ 3.5 ਫ਼ੀਸਦੀ 'ਤੇ ਹੈ। ਵਿੱਤ ਮੰਤਰੀ ਜਿਮ ਚੈਮਰਸ 25 ਅਕਤੂਬਰ ਨੂੰ ਸਰਕਾਰੀ ਖਰਚਿਆਂ ਬਾਰੇ ਆਪਣਾ ਆਰਥਿਕ ਬਲੂਪ੍ਰਿੰਟ ਪੇਸ਼ ਕਰਨਗੇ। ਚੈਮਰਸ ਨੇ ਕਿਹਾ ਕਿ ਉਹ ਮਹਿੰਗਾਈ ਅਤੇ ਵਿਗੜ ਰਹੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਆਰਥਿਕ ਯੋਜਨਾ ਦੀ ਰੂਪਰੇਖਾ ਤਿਆਰ ਕਰਨਗੇ।