ਭਾਈ ਰਣਜੀਤ ਸਿੰਘ ਸ਼ੇਰਗਿੱਲ ਦੀ ਬੇਵਕਤੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ
Thursday, Feb 14, 2019 - 01:31 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)— ਮੈਲਬੌਰਨ ਵਸਦੇ ਸਿੱਖ ਚਿੰਤਕ ਅਤੇ ਗ੍ਰਿਫਿਥ ਸ਼ਹੀਦੀ ਖੇਡਾਂ ਦੇ ਮੋਢੀ ਭਾਈ ਰਣਜੀਤ ਸਿੰਘ ਸ਼ੇਰਗਿੱਲ ਦਾ ਬੀਤੇ ਦਿਨੀਂ ਬੀਮਾਰੀ ਕਾਰਨ ਦੇਹਾਂਤ ਹੋ ਗਿਆ ।ਜ਼ਿਲਾ ਜਲੰਧਰ ਨਾਲ ਸਬੰਧਤ ਭਾਈ ਰਣਜੀਤ ਸਿੰਘ ਸਿੱਖ ਭਾਈਚਾਰੇ ਦੀ ਮੋਹਰੀ ਸ਼ਖਸ਼ੀਅਤਾਂ ਵਜੋਂ ਜਾਣੇ ਜਾਂਦੇ ਸਨ ਤੇ ਉਹ ਸਮੇਂ-ਸਮੇਂ 'ਤੇ ਸਮਾਜਿਕ ਕੁਰੀਤੀਆਂ ਅਤੇ ਬੇਨਿਸਾਫੀਆਂ ਖਿਲਾਫ ਅਵਾਜ਼ ਬੁਲੰਦ ਕਰਦੇ ਰਹੇ। ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਚ ਹਰ ਸਾਲ ਹੋਣ ਵਾਲਾ ਸ਼ਹੀਦੀ ਖੇਡ ਮੇਲਾ ਕਰਵਾਉਣ ਵਿਚ ਭਾਈ ਸ਼ੇਰਗਿੱਲ ਦਾ ਬਹੁਤ ਵੱਡਾ ਯੋਗਦਾਨ ਹੈ।
ਉਹਨਾਂ ਦੀ ਬੇਵਕਤੀ ਮੌਤ 'ਤੇ ਮੈਲਬੌਰਨ ਕਬੱਡੀ ਅਕਾਦਮੀ ਦੇ ਪ੍ਰਧਾਨ ਕੁਲਦੀਪ ਬਾਸੀ ਨੇ ਅਫਸੋਸ ਜ਼ਾਹਰ ਕਰਦਿਆਂ ਦੱਸਿਆ ਕਿ ਭਾਈ ਸ਼ੇਰਗਿੱਲ ਦੀ ਅਚਨਚੇਤੀ ਮੌਤ ਨਾਲ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਹਨਾਂ ਦੀ ਹਮੇਸ਼ਾ ਲੋੜ ਮਹਿਸੂਸ ਹੁੰਦੀ ਰਹੇਗੀ।ਆਸਟ੍ਰੇਲੀਅਨ ਪੰਜਾਬੀ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਖਹਿਰਾ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਸ਼ੇਰਗਿੱਲ ਸਿਰੜ ਦੇ ਪੱਕੇ ਇਨਸਾਨ ਸਨ।ਉਹਨਾਂ ਨੇ 1984 ਦੇ ਸ਼ਹੀਦੀ ਸਿੰਘਾਂ ਦੀ ਯਾਦ ਵਿਚ ਸਾਲਾਨਾ ਖੇਡ ਮੇਲਾ ਸ਼ੁਰੂ ਕਰਵਾ ਕੇ ਅਜਿਹੀ ਪਿਰਤ ਪਾਈ ਹੈ ਜਿਸ ਕਰਕੇ ਪੰਜਾਬੀ ਭਾਈਚਾਰਾ ਹਮੇਸ਼ਾ ਇਸ ਉੱਦਮ ਲਈ ਭਾਈ ਸ਼ੇਰਗਿੱਲ ਦਾ ਰਿਣੀ ਰਹੇਗਾ।
ਗ੍ਰਿਫਿਥ ਖੇਡ ਕਮੇਟੀ, ਸਿੱਖ ਫੈਡਰੇਸ਼ਨ ਆਸਟ੍ਰੇਲੀਆ ਅਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਭਾਈ ਸ਼ੇਰਗਿੱਲ ਦਾ ਅੰਤਮ ਸੰਸਕਾਰ ਸ਼ਨੀਵਾਰ ਨੂੰ ਅਲਟੋਨਾ ਮੈਮੋਰੀਅਲ ਪਾਰਕ ਵਿਖੇ ਕੀਤਾ ਜਾਵੇਗਾ ਤੇ ਅੰਤਿਮ ਅਰਦਾਸ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਕੀਤੀ ਜਾਵੇਗੀ।
