ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਹਿ ‘ਪਹਿਲੀ ਬਾਰਿਸ਼’ ਲੋਕ ਅਰਪਣ

10/25/2020 6:26:56 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਮਾਂ ਬੋਲੀ ਪੰਜਾਬੀ ਦੇ ਪਸਾਰ ਦੇ ਲਈ ਜਮੀਨੀ ਪੱਧਰ 'ਤੇ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਲੇਖਕ ਸ਼ਮੀ ਜਲੰਧਰੀ ਲਿੱਖਤ ਕਾਵਿ-ਸੰਗ੍ਰਹਿ ‘ਪਹਿਲੀ ਬਾਰਿਸ਼’ ਬਾਬਤ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਬੈਠਕ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਹਰਮਨ ਗਿੱਲ ਵੱਲੋਂ ਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਅਤੇ ਪੁਸਤਕ ‘ਪਹਿਲੀ ਬਾਰਿਸ਼’ ਨੂੰ ਮਨੁੱਖੀ ਸਾਂਝ ਦਾ ਪ੍ਰਤੀਕ ਦੱਸਿਆ। ਵਰਿੰਦਰ ਅਲੀਸ਼ੇਰ ਨੇ ਮੰਚ ਸੰਚਾਲਨ ਕਰਦਿਆਂ ਸੰਸਥਾ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਕਾਰਜਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਕਾਵਿ ਪੁਸਤਕ ‘ਪਹਿਲੀ ਬਾਰਿਸ਼’ ਨੂੰ ਮਨੁੱਖੀ ਜ਼ਿੰਦਗੀ ਨੂੰ ਬਿਆਨਦਾ ਸੰਪੂਰਨ ਸ਼ਬਦੀ ਸਫ਼ਰ ਆਖਿਆ। ਸੰਸਥਾ ਵੱਲੋਂ ਚੱਲ ਰਹੀਆਂ ਪੰਜਾਬੀ ਸਕੂਲ ਦੀਆਂ ਜਮਾਤਾਂ ਬਾਰੇ ਬੋਲਦਿਆਂ ਉਹਨਾਂ ਸੁਰਜੀਤ ਸੰਧੂ ਅਤੇ ਉਹਨਾਂ ਦੀ ਧਰਮ ਪਤਨੀ ਹਰਜੀਤ ਕੌਰ ਸੰਧੂ ਦਾ ਸੇਵਾਵਾਂ ਲਈ ਧੰਨਵਾਦ ਕੀਤਾ।

ਕਵਿੱਤਰੀ ਹਰਜੀਤ ਕੌਰ ਸੰਧੂ ਅਨੁਸਾਰ ਇਹ ਪੈਂਹਟ ਰਚਨਾਵਾਂ ਵਾਲਾ ਹਥਲਾ ਕਾਵਿ-ਸੰਗ੍ਰਹਿ ਕੁਦਰਤ, ਇਸ਼ਕ ਹਕੀਕੀ, ਸਮਾਜਿਕ ਚੇਤਨਾ, ਪੰਜਾਬੀ ਬੋਲੀ, ਹਿੰਦ-ਪਾਕਿ ਦੋਸਤੀ ਦੇ ਨਾਂ ਸੁਚੱਜਾ ਸ਼ਬਦੀ ਸੁਮੇਲ ਹੈ। ਸੰਸਥਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਸ਼ਮੀ ਦੀਆਂ ਰਚਨਾਵਾਂ ਨੂੰ ਸੂਫ਼ੀਆਨਾ ਰੰਗਤ, ਦੇਸ਼ ਪ੍ਰੇਮ, ਸਮਾਜਿਕ ਨਿਘਾਰਾਂ ‘ਤੇ ਚੋਟ ਵਾਲੀਆਂ ਦੱਸਿਆ। ਉਨ੍ਹਾਂ ਆਪਣੀ ਕਵਿਤਾ ਰਾਹੀ ਸਮਾਜਿਕ ਕੁਰੀਤੀਆਂ ਦੀ ਗੱਲ ਕੀਤੀ। ਲਹਿੰਦੇ ਪੰਜਾਬ (ਪਾਕਿ) ਤੋਂ ਕਵੀ ਹਾਫੀਜ਼ ਸੋਹੇਲ ਰਾਣਾ ਨੇ ਆਪਣੀ ਕਵਿਤਾ ‘ਮੁੜ ਜਾ ਬੀਬਾ ਜੰਗ ਨਾ ਕਰ’ ਰਾਹੀਂ ਹਿੰਦ-ਪਾਕਿ ਦੇ ਵਿਗੜਦੇ ਰਾਜਨੀਤਿਕ ਸੰਬੰਧਾਂ ਦਾ ਚਿੰਤਨ ਕਰਦਿਆਂ ਅਮਨ ਦਾ ਸੁਨੇਹਾ ਦਿੱਤਾ। ਪਾਕਿ ਗਜਲਗੋ ਨਦੀਮ ਅਕਰਮ ਨੇ ਪੰਜਾਬੀ, ਉਰਦੂ ਅਤੇ ਫ਼ਾਰਸੀ ਭਾਸ਼ਾ ਦੇ ਸੁਮੇਲ ਨਾਲ ਬੈਠਕ ਨੂੰ ਚਰਮ ਸੀਮਾ ਤੱਕ ਪਹੁੰਚਾਇਆ। 

ਸਤਵੰਤ ਵੱਲੋਂ ਗਾਇਆ ਹਰਭਜਨ ਮਾਨ ਦਾ ਗੀਤ ‘ਪਰਦੇਸ਼’ ਪਸੰਦ ਕੀਤਾ ਗਿਆ। ਹਿੰਦੀ ਕਵਿੱਤਰੀ ਵਿਭਾ ਦਾਸ ਨੇ ਆਪਣੀ ਕਵਿਤਾ ‘ਨੀਲੀ ਸਿਆਹੀ ਕੇ ਦਾਗ’ ਰਾਹੀਂ ਇਨਸਾਨੀ ਫਿਤਰਤ ਅਤੇ ਵਲਵਲਿਆਂ ਦੀ ਗੱਲ ਕੀਤੀ। ਛੋਟੇ ਬੱਚਿਆਂ ‘ਚ ਸੁੱਖਮਨ ਨੇ ਗੀਤ ‘ਨਿੱਕੇ ਨਿੱਕੇ ਤਾਰੇ’ ਅਤੇ ਅਸ਼ਮੀਤ ਨੇ ਕਵਿਤਾ ‘ਓ ਅ...’ ਨਾਲ ਪੰਜਾਬੀ ਭਾਸ਼ਾ ਨੂੰ ਸਿੱਖਦਿਆਂ ਚੰਗੀ ਪਕੜ ਦਿਖਾਈ। ਰਛਪਾਲ ਹੇਅਰ ਨੇ ਵਿਦੇਸ਼ੀ ਬੱਚਿਆਂ ‘ਚ ਮਾਂ ਬੋਲੀ ਪੰਜਾਬੀ ਦੇ ਲਗਾਤਾਰ ਪਸਾਰੇ ਨੂੰ ਮੋਜ਼ੂਦਾ ਸਮੇਂ ਦੀ ਮੰਗ ਕਿਹਾ। ਉਹਨਾਂ ਆਪਣੀ ਕਵਿਤਾ ‘ਅੱਧੀ ਰਾਤ ਦੇ ਦੀਵੇ ਵਾਂਗੂ’ ਨਾਲ ਮਨੁੱਖੀ ਜ਼ਿੰਦਗੀ ਦੇ ਰੰਗਾਂ ਦੀ ਅਸਲ ਪੇਸ਼ਕਾਰੀ ਕੀਤੀ।

ਲੇਖਕ ਅਤੇ ਗੀਤਕਾਰ ਸੁਰਜੀਤ ਸੰਧੂ ਨੇ ਆਪਣੇ ਗੀਤ ‘ਦੁਆਵਾਂ’ ਰਾਹੀਂ ਹਾਜ਼ਰੀਨ ਨੂੰ ਤਾੜੀਆਂ ਲਈ ਮਜਬੂਰ ਕੀਤਾ। ਗਜਲਗੋ ਜਸਵੰਤ ਵਾਗਲਾ ਨੇ ਆਪਣੀ ਗਜ਼ਲ ‘ਦੋ ਚਾਰ ਦਿਨ’ ਰਾਹੀਂ ਉਸਾਰੂ ਗਜ਼ਲਗੋਈ ਦੀ ਪੇਸ਼ਕਾਰੀ ਕੀਤੀ। ਆਸਟ੍ਰੇਲੀਅਨ ਸਰਕਾਰ ਵੱਲੋਂ ਵੂਲਗੂਲਗਾ ਸਥਿੱਤ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦੇ ਐਲਾਨ ਦੀ ਸਮੀਖਿਆ ਹਰਜੀਤ ਲਸਾੜਾ ਵੱਲੋਂ ਬਾਖੂਬੀ ਕੀਤੀ ਗਈ। ਉਹਨਾਂ ਕਿਹਾ ਕਿ ਸਾਡੇ ਸਮੂਹ ਪਰਿਵਾਰਾਂ ਨੂੰ ਸਿੱਖ ਭਾਈਚਾਰੇ ਦੀ ਇਸ ਮਹਾਨ ਪ੍ਰਾਪਤੀ ਨੂੰ ਇੱਥੋਂ ਦੇ ਬੱਚਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਵਰਿੰਦਰ ਅਲੀਸ਼ੇਰ ਨੇ ਆਪਣੀ ਖੁੱਲੀ ਕਵਿਤਾ ‘ਮੈਂ ਤੇ ਸ਼ੀਸ਼ਾ’ ‘ਚ  ਜ਼ਿੰਦਗੀ ਦੀ ਰਵਾਨਗੀ ਦਾ ਅਸਲ ਚਿਤਰਣ ਕੀਤਾ। ਇਸ ਸਾਹਿਤਕ ਬੈਠਕ ‘ਚ ਬੱਚਿਆਂ ਦੀ ਹਾਜ਼ਰੀ ਕਾਬਲੇ ਤਾਰੀਫ ਰਹੀ। ਹੋਰਨਾਂ ਤੋਂ ਇਲਾਵਾ ਇਸ ਬੈਠਕ ‘ਚ ਪ੍ਰਧਾਨ ਜਸਵੰਤ ਵਾਗਲਾ, ਸੁਰਜੀਤ ਸੰਧੂ, ਹਰਜੀਤ ਕੌਰ ਸੰਧੂ, ਵਰਿੰਦਰ ਅਲੀਸ਼ੇਰ, ਹਰਮਨਦੀਪ ਗਿੱਲ, ਸਤਪਾਲ ਕੂਨਰ, ਰਛਪਾਲ ਹੇਅਰ, ਸਤਵੰਤ ਨਾਹਲ, ਲਵੀ, ਹਾਫੀਜ਼ ਸੋਹੇਲ ਰਾਣਾ, ਨਦੀਮ ਅਕਰਮ, ਵਿਭਾ ਦਾਸ, ਅਮਨਦੀਪ ਕੌਰ, ਹਰਜੀਤ ਲਸਾੜਾ, ਸੁੱਖਮਨ, ਅਸ਼ਮੀਤ ਆਦਿ ਬੱਚਿਆਂ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਵਰਿੰਦਰ ਅਲੀਸ਼ੇਰ ਵੱਲੋਂ ਬਾਖੂਬੀ ਕੀਤਾ ਗਿਆ।


Vandana

Content Editor

Related News