ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਮਨਾਇਆ ਗਿਆ ਮਾਂ-ਬੋਲੀ ਦਿਹਾੜਾ

3/1/2021 2:50:31 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀਆਂ ਪਾਕਿਸਤਾਨੀ ਅਤੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਦੋ ਸਿਰਮੌਰ ਸੰਸਥਾਵਾਂ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਅਤੇ ਅਦਬੀ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਦਿਹਾੜਾ ਸਥਾਨਿਕ ਅਮੈਰੀਕਨ ਕਾਲਜ ਦੇ ਹਾਲ ਵਿਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮਨਾਇਆ ਗਿਆ। ਇਹ ਸਮਾਗਮ ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾ.ਬਰਨਾਰਡ ਮਲਿਕ ਅਤੇ ਕਵੀਨਜਲੈਂਡ ਸਕੂਲ ਆਫ਼ ਬਿਊਟੀ ਥਰੈਪੀ ਦੇ ਡਾਇਰੈਕਟਰ ਸਤਵਿੰਦਰ ਟੀਨੂੰ ਹੁਰਾਂ ਦੁਆਰਾ ਦੋਵਾਂ ਸਾਹਿਤਕ ਸੰਸਥਾਵਾਂ ਅਤੇ ਸਥਾਨਿਕ ਹਸਤੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਉਲੀਕਿਆ ਗਿਆ। 

ਸਮਾਗਮ ਦੀ ਸ਼ੁਰੂਆਤ ਗੁਰਦੀਪ ਜਗੇੜੇ ਦੇ ਖ਼ੂਬਸੂਰਤ ਸ਼ਬਦਾਂ ਨਾਲ ਹੋਈ, ਜਿਸ ਵਿਚ ਉਸ ਨੇ ਪੰਜਾਬੀ ਮਾਂ ਬੋਲੀ ਦੇ ਭਵਿੱਖ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ। ਇਸ ਉਪਰੰਤ ਇਪਸਾ ਦੇ ਸੰਸਥਾਪਕ ਸ਼ਾਇਰ ਸਰਬਜੀਤ ਨੇ ਮਾਤ-ਭਾਸ਼ਾ ਦੀ ਮਹੱਤਤਾ, ਪੰਜਾਬੀਅਤ ਦੇ ਸੰਕਲਪ ਅਤੇ ਪਰਵਾਸ ਵਿਚ ਮਾਤ-ਭਾਸ਼ਾ ਦੇ ਵਿਕਾਸ ਵਿਚ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਰੱਖੇ। ਇਸ ਉਪਰੰਤ ਮਾਤ-ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਵਿਚ ਹੈਪੀ ਚਾਹਲ, ਹਰਮਨਦੀਪ ਸਿੰਘ ਖਿਲਚੀਆਂ, ਪ੍ਰਿੰਸਪਾਲ ਕੌਰ, ਸਰਬਜੀਤ ਸੋਹੀ, ਰੁਪਿੰਦਰ ਸੋਜ਼, ਆਤਮਾ ਸਿੰਘ ਹੇਅਰ, ਰਿਪਜੀਤ ਬਰਾੜ ਆਦਿ ਸ਼ਾਇਰਾਂ ਅਤੇ ਗੀਤਕਾਰਾਂ ਨੇ ਭਰਵੀਂ ਹਾਜ਼ਰੀ ਲਵਾਈ। ਪਿਛਲੇ ਦਿਨੀਂ ਵਿੱਛੜੇ ਨਾਮਵਰ ਗ਼ਜ਼ਲ ਗਾਇਕ ਜਗਜੀਤ ਜ਼ੀਰਵੀ ਨੂੰ ਸ਼ਰਧਾਂਜਲੀ ਦਿੰਦਿਆਂ ਦਲਵੀਰ ਹਲਵਾਰਵੀ ਨੇ ਉਹਨਾਂ ਦਾ ਜੀਵਨ ਸਫ਼ਰ ਅਤੇ ਇਕ ਗੀਤ ਸ੍ਰੋਤਿਆਂ ਦੀ ਨਜ਼ਰ ਕੀਤਾ ਅਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਪਾਲ ਰਾਊਕੇ ਨੇ ਸਰਦੂਲ ਦੇ ਖ਼ੂਬਸੂਰਤ ਗੀਤ ਬਹੁਤ ਦਿਲਟੁੰਬਵੀਂ ਆਵਾਜ਼ ਵਿੱਚ ਪੇਸ਼ ਕਰਕੇ ਹਾਜ਼ਰੀਨ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ। 

ਪੜ੍ਹੋ ਇਹ ਅਹਿਮ ਖਬਰ- ਰਾਜਸ਼ਾਹੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਸੀ : ਪ੍ਰਿੰਸ ਹੈਰੀ

ਇਸ ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਆਲਮੀ ਸ਼ਾਇਰ ਬਾਬਾ ਨਜਮੀ ਅਤੇ ਮਸ਼ਹੂਰ ਸ਼ਾਇਰ ਅਫ਼ਜਲ ਸਾਹਿਰ ਨੇ ਟੈਲੀਵੀਜ਼ਨ ਰਾਹੀਂ ਲਾਈਵ ਸ਼ਿਰਕਤ ਕਰਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਅਫ਼ਜਲ ਸਾਹਿਰ ਨੇ ਮਾਦਰੀ ਜ਼ੁਬਾਨ ਦੀ ਲਹਿੰਦੇ ਪੰਜਾਬ ਵਿਚ ਬੇਕਦਰੀ ਵਾਲੀ ਹਾਲਤ ਬਾਰੇ ਬਹੁਤ ਵਿਸਥਾਰ ਪੂਰਵਕ ਦੱਸਿਆ। ਬਾਬਾ ਨਜਮੀ ਨੇ ਆਪਣੀ ਮਸ਼ਹੂਰ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਆਪਣੇ ਬ੍ਰਿਸਬੇਨ ਵਿਚ ਹੋਣ ਵਰਗਾ ਅਹਿਸਾਸ ਕਰਵਾ ਦਿੱਤਾ। ਇਸ ਸਮਾਗਮ ਵਿਚ ਬੱਚਿਆਂ ਦੀ ਸੁੰਦਰ ਇਬਾਰਤ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਲਈ ਰਿਟਾਇਰਡ ਕਮਿਸ਼ਨਰ ਸ੍ਰ ਹਰਚਰਨ ਸਿੰਘ ਜੱਜ ਦੀ ਭੂਮਿਕਾ ਵਿਚ ਮਨੋਨੀਤ ਸਨ। ਜਿਸ ਵਿੱਚ 10 ਸਾਲ ਤੋਂ ਛੋਟੀ ਉਮਰ ਦੇ ਸਬ ਜੂਨੀਅਰ ਵਰਗ ਅਤੇ 16 ਸਾਲ ਤੋਂ ਛੋਟੇ ਬੱਚਿਆਂ ਦੇ ਜੂਨੀਅਰ ਵਰਗ ਵਿਚ ਕ੍ਰਮਵਾਰ ਬੱਚਿਆਂ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। 

ਅਦਬੀ ਕੌਂਸਲ ਆਫ਼ ਆਸਟਰੇਲੀਆ ਦੇ ਜਨਰਲ ਸਕੱਤਰ ਜਨਾਬ ਸ਼ੋਇਬ ਜ਼ਾਇਦੀ ਅਤੇ ਇਪਸਾ ਦੇ ਜਨਰਲ ਸਕੱਤਰ ਰੁਪਿੰਦਰ ਸੋਜ਼ ਨੇ ਦੋਵਾਂ ਪੰਜਾਬਾਂ ਦੇ ਇਸ ਸੰਗਮ ਨੂੰ ਇਸ ਮਹਾਂਦੀਪ ਵਿਚ ਮੁਹੱਬਤ ਦਾ ਇਕ ਨਵਾਂ ਅਧਿਆਇ ਆਖ ਕੇ ਸਵਾਗਤ ਕੀਤਾ। ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਬੁਲਾਰੇ ਖਾਲਿਦ ਭੱਟੀ ਨੇ ਮਾਂ-ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਕ ਖ਼ੂਬਸੂਰਤ ਨਜ਼ਮ ਪੇਸ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਵਿਰਕ, ਪੁਸ਼ਪਿੰਦਰ ਤੂਰ, ਕਮਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ, ਭੁਪਿੰਦਰ ਮੁਹਾਲੀ, ਹਰਿੰਦਰ ਸੋਹੀ, ਅਮਨਪ੍ਰੀਤ ਕੌਰ ਟੱਲੇਵਾਲ ਆਦਿ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿਚ ਇਸ ਪ੍ਰੋਗਰਾਮ ਦੇ ਸੂਤਰਾਧਾਰ ਅਤੇ ਆਯੋਜਕ ਡਾ. ਬਰਨਾਰਡ ਮਲਿਕ ਨੇ ਆਪਣੇ ਧੰਨਵਾਦੀ ਭਾਸ਼ਨ ਅਜਿਹੇ ਕਾਰਜਾਂ ਨੂੰ ਆਪਣੀ ਮਿੱਟੀ ਦਾ ਰਿਣ ਕਿਹਾ। ਉਨ੍ਹਾ ਨੇ ਕਿਹਾ ਕਿ ਜਿਵੇਂ ਅਸੀਂ ਆਪਣੀ ਮਾਂ ਨੂੰ ਯਾਦ ਰੱਖਦੇ ਹਨ, ਇਵੇਂ ਹੀ ਮਾਂ-ਬੋਲੀ ਪਰਵਾਸ ਵਿਚ ਵੀ ਸਾਡੇ ਨਾਲ ਰਹਿੰਦੀ ਹੈ। ਇਹ ਸਾਰਾ ਸਮਾਗਮ ਟੀ ਵੀ ਏਸ਼ੀਆ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਬ੍ਰਿਸਬੇਨ ਦੇ ਉਭਰਦੇ ਐਂਕਰ ਗੁਰਦੀਪ ਜਗੇੜਾ ਅਤੇ ਸਰਬਜੀਤ ਸੋਹੀ ਨੇ ਬਾਖੂਬੀ ਨਾਲ ਨਿਭਾਈ।


Vandana

Content Editor Vandana