ਆਸਟ੍ਰੇਲੀਆ : ਸ਼ਖਸ ਨੇ ਦਿਖਾਈ ਬਹਾਦੁਰੀ, ਬਚਾਈ ਕਈ ਬੱਚਿਆਂ ਦੀ ਜਾਨ
Sunday, Feb 10, 2019 - 12:03 PM (IST)

ਸਿਡਨੀ (ਬਿਊਰੋ)— ਦੱਖਣੀ ਆਸਟ੍ਰੇਲੀਆਈ ਸ਼ਖਸ ਨੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦਿਆਂ ਆਪਣੇ ਬੱਚੇ ਸਮੇਤ ਕਈ ਹੋਰ ਬੱਚਿਆਂ ਦੀ ਜਾਨ ਬਚਾਈ। ਹੁਣ ਇਸ ਸ਼ਖਸ ਨੂੰ 'ਹੀਰੋ' ਦਾ ਦਰਜਾ ਦਿੰਦਿਆਂ ਸਨਮਾਨਿਤ ਕੀਤਾ ਜਾਵੇਗਾ। ਅਸਲ ਵਿਚ ਬੀਤੀ ਸ਼ਾਮ ਮਿਗੁਏਲ ਮਾਵੇਟ ਅਤੇ ਉਸ ਦਾ ਪਰਿਵਾਰ ਐਡੀਲੇਡ ਦੇ ਪੂਰਬ ਵਿਚ ਟੁਸਮੋਰ ਪਾਰਕ ਵਿਚ ਸੀ। ਇੱਥੇ ਉਹ ਇਕ ਦੋਸਤ ਦੇ ਤੀਜੇ ਜਨਮਦਿਨ ਦੀ ਪਾਰਟੀ ਮਨਾਉਣ ਲਈ ਇਕੱਠੇ ਹੋਏ ਸਨ।
ਪਾਰਕ ਵਿਚ ਅਚਾਨਕ ਇਕ ਰੁੱਖ ਦੋ ਹਿੱਸਿਆਂ ਵਿਚ ਟੁੱਟ ਗਿਆ ਅਤੇ ਉਸ ਦਾ ਇਕ ਹਿੱਸਾ ਤੇਜ਼ੀ ਨਾਲ ਬੱਚਿਆਂ ਵੱਲ ਵਧਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਰੁੱਖ ਦਾ ਇਕ ਹਿੱਸਾ ਤੇਜ਼ੀ ਨਾਲ ਹੇਠਾਂ ਆਉਂਦਾ ਹੋਇਆ ਬੱਚਿਆਂ ਉੱਪਰ ਡਿੱਗਣ ਵਾਲਾ ਹੀ ਸੀ ਕਿ ਅਚਾਨਕ ਮਿਗੁਏਲ ਨੇ ਸਾਰੇ ਬੱਚਿਆਂ ਨੂੰ ਕਵਰ ਕਰ ਲਿਆ। ਇਨ੍ਹਾਂ ਬੱਚਿਆਂ ਵਿਚ ਉਸ ਦਾ ਆਪਣਾ 2 ਸਾਲ ਦਾ ਬੇਟਾ ਵੀ ਸੀ। ਫਿਰ ਉਸ ਨੇ ਹੌਲੀ-ਹੌਲੀ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਦੂਜੇ ਬੱਚਿਆਂ ਦੇ ਮਾਤਾ-ਪਿਤਾ ਨੇ ਮਿਗੁਏਲ ਨੂੰ ਅਤੇ ਬਾਕੀ ਬੱਚਿਆਂ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ।
ਮੈਟਰੋ ਫਾਇਰ ਸਰਵਿਸ ਦੇ ਇਕ ਅਧਿਕਾਰੀ ਮਿਕ ਸੌਸੇ ਨੇ ਕਿਹਾ,''ਰੁੱਖ ਦਾ ਇਕ ਹਿੱਸਾ ਮਿਗੁਏਲ ਦੀ ਪਿੱਠ 'ਤੇ ਡਿੱਗਿਆ, ਜਿਸ ਕਾਰਨ ਉਹ ਖੁਦ ਜ਼ਖਮੀ ਹੋ ਗਏ। ਉਨ੍ਹਾਂ ਨੇ ਨਿਸ਼ਚਿਤ ਰੂਪ ਨਾਲ ਬੱਚਿਆਂ ਦੀ ਜਾਨ ਬਚਾ ਲਈ। ਅਸੀਂ ਬਹੁਤ ਕਿਸਮਤ ਵਾਲੇ ਹਾਂ।'' ਘਟਨਾ ਦੇ ਬਾਅਦ ਸਥਾਨਕ ਅਧਿਕਾਰੀਆਂ ਨੇ ਉਸ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ।
ਹੁਣ ਸਥਾਨਕ ਅਧਿਕਾਰੀ ਰੁੱਖ ਦੇ ਬਾਕੀ ਹਿੱਸਿਆਂ ਨੂੰ ਹਟਾ ਰਹੇ ਹਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਜੁੱਟ ਗਏ ਹਨ। ਉੱਧਰ ਮਿਗੁਏਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।